ਹੁਣ ਅਕਾਲੀਆਂ ਵੱਲੋਂ ਹੀ ਮਜੀਠੀਆ ਨੂੰ ਟੰਗਣ ਦੀਆਂ ਤਿਆਰੀਆਂ

ਸਿਆਸੀ ਬਦਲਾਖੋਰੀ ਅਤੇ ਐਨਡੀਪੀਐਸ ਐਕਟ ਦੀ ਦੁਰਵਰਤੋਂ ਦੇ ਦੋਸ਼ ਲਗਾ ਪਾਏ ਗਏ ਝੂਠੇ ਕੇਸਾਂ ਦੀ ਜਾਂਚ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਕਾਇਮ ਕੀਤੇ ਕਮਿਸ਼ਨ ਕੋਲ ਸ਼੍ਰੋਮਣੀ ਅਕਾਲੀ ਦਲ ਆਗੂਆਂ ਖਿਲਾਫ ਸਿਰਫ ਕਾਂਗਰਸੀਆਂ ਨੇ ਹੀ ਪਟੀਸ਼ਨਾਂ ਦਾਇਰ ਨਹੀਂ ਕੀਤੀਆਂ ਬਲਕਿ ਜਸਟਿਸ ਮਹਿਤਾਬ ਸਿੰਘ ਗਿੱਲ (ਸੇਵਾ ਮੁਕਤ) ਦੀ ਅਗਵਾਈ ਵਾਲੇ ਪੈਨਲ ਕੋਲ ਅਕਾਲੀਆਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਖਿਲਾਫ “ਸਿਆਸੀ ਬਦਲਾਖੋਰੀ” ਦੀਆਂ ਕਈ ਸ਼ਿਕਾਇਤਾਂ ਦਰਜ ਕਰਵਾਈਆਂ ਹਨ।

ਅਜਨਾਲਾ ਦੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ 13 ਜੂਨ 2017 ਨੂੰ ਕਮਿਸ਼ਨ ਕੋਲ ਦਾਖਲ ਕੀਤੇ ਦੇ ਇਕ ਤਸਦੀਕ ਕੀਤੇ ਹਲਫਨਾਮੇ ਵਿੱਚ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੁਆਰਾ ਉਸਦੇ ਦੋਸਤ ਆਪਣੇ ਦੋਸਤ ਮਨਿੰਦਰ ਸਿੰਘ ਉਰਫ ਬਿੱਟੂ ਔਲਖ ਨੂੰ ਜਗਦੀਸ਼ ਭੋਲਾ ਨਸ਼ਾ ਤਸਕਰੀ ਮਾਮਲੇ ਵਿੱਚ ਝੂਠਾ ਫਸਾਏ ਜਾਣ ਦੀ ਗੱਲ ਕਹੀ ਹੈ। ਭੋਲਾ, ਇੱਕ ਮੁਅੱਤਲ ਪੰਜਾਬ ਪੁਲਿਸ ਮੁਲਾਜ਼ਮ ਅਤੇ ਪਹਿਲਵਾਨ ਹੈ ਜਿਹੜਾ ਬਹੁ-ਕਰੋੜੀ ਨਸ਼ਾ ਤਸਕਰੀ ਮਾਮਲੇ ਦਾ ਮੁੱਖ ਆਰੋਪੀ ਹੈ।

ਹਲਫਨਾਮੇ ਵਿੱਚ ਬੋਨੀ ਨੇ ਲਿਖਿਆ ਹੈ ਕਿ ਉਸਦੇ ਦੋਸਤ ਬਿੱਟੂ ਔਲਖ ਦਾ ਕਿਸੇ ਨਸ਼ਾ ਤਸਕਰ ਨਾਲ ਕੋਈ ਸਬੰਧ ਨਹੀਂ ਹੈ ਅਤੇ ਉਸਨੂੰ ਸਾਡੇ ਪਰਿਵਾਰ ਦੀ ਇੱਜ਼ਤ ਨੂੰ ਖਰਾਬ ਕਰਨ ਦੀ ਨੀਅਤ ਨਾਲ ਫਸਾਇਆ ਗਿਆ ਹੈ ਅਤੇ ਇਸਨੂੰ ਹੀ ਆਧਾਰ ਬਣਾ ਕੇ 2014 ਵਿੱਚ ਉਸਦੇ ਪਿਤਾ ਰਤਨ ਸਿੰਘ ਅਜਨਾਲਾ ਨੂੰ ਟਿਕਟ ਤੋਂ ਜਵਾਬ ਦਿੱਤਾ ਗਿਆ ਸੀ ਜੋ ਕਿ ਹਲਕਾ ਖਡੂਰ ਸਾਹਿਬ ਤੋਂ ਸਾਂਸਦ ਅਤੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ।

ਅੰਮ੍ਰਿਤਸਰ ਨਾਲ ਸੰਬੰਧਿਤ ਇੱਕ ਕਾਰੋਬਾਰੀ ਚਹਿਲ, ਭੋਲਾ ਮਾਮਲੇ ਵਿੱਚ ਔਲਖ ਦੇ ਨਾਲ ਸਹਿ ਦੋਸ਼ੀ ਹਨ ਅਤੇ ਦੋਵੇਂ ਇਸ ਸਮੇਂ ਨਾਭਾ ਜੇਲ੍ਹ ਵਿਚ ਬੰਦ ਹਨ।

ਜਸਟਿਸ ਗਿੱਲ ਨੇ ਕਿਹਾ ਕਿ ਪੈਨਲ ਦੁਆਰਾ ਪ੍ਰਾਪਤ ਹੋਈਆਂ 4,200 ਸ਼ਿਕਾਇਤਾਂ ਵਿੱਚੋਂ ਲਗਭਗ 10% ‘ਅਕਾਲੀ ਬਨਾਮ ਅਕਾਲੀ’ ਹਨ। ਅਕਾਲੀਆਂ ਖਿਲਾਫ ਕਾਂਗਰਸੀਆਂ ਦੀ ਗਿਣਤੀ ਕਾਫੀ ਹੈ। 20% ਤੋਂ ਵੱਧ ਸ਼ਿਕਾਇਤਾਂ ਆਮ ਆਦਮੀ ਪਾਰਟੀ ਆਗੂਆਂ ਦੀਆਂ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਕੁਝ ਸ਼ਿਕਾਇਤਾਂ ਬਹੁਜਨ ਸਮਾਜ ਪਾਰਟੀ ਦੀਆਂ ਵੀ ਹਨ।