ਅੰਮ੍ਰਿਤਸਰ ਦੇ ਪੁਲਿਸ ਥਾਣਾ ਜੰਡਿਆਲਾ ਦੇ ਪਿੰਡ ਫਤਿਹਪੁਰ ਨਜਦੀਕ ਹੋਏ ਦੋਹਰੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਗੁਰਪ੍ਰੀਤ ਗੋਪੀ ਦੀ ਪਤਨੀ ਅਤੇ ਉਸਦੇ ਪ੍ਰੇਮੀ ਨੂੰ ਗ੍ਰਿਫਤਾਰ ਕੀਤਾ ਹੈ। ਗੁਰਪ੍ਰੀਤ ਗੋਪੀ ਅਤੇ ਉਸਦੇ ਦੋਸਤ ਮਨਦੀਪ ਸਿੰਘ ਦਾ ਉਸ ਸਮੇਂ ਕਤਲ ਕੀਤਾ ਗਿਆ ਸੀ ਜਦੋਂ ਉਹ ਕੱਪੜੇ ਖਰੀਦਣ ਜਾ ਰਹੇ ਸਨ। ਜਿਸਦੇ ਨਾਲ ਗੁਰਪ੍ਰੀਤ ਗੋਪੀ ਨੇ ਜੀਣ-ਮਰਨ ਦੀਆਂ ਕਸਮਾਂ ਖਾਧੀਆਂ ਸਨ, ਆਖ਼ਿਰਕਾਰ ਉਸੇ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਗੁਰਪ੍ਰੀਤ ਗੋਪੀ ਅਤੇ ਉਸਦੇ ਦੋਸਤ ਦਾ ਜੰਡਿਆਲਾ ਵਿੱਚ 2 ਦਿਨ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮ੍ਰਿਤਕ ਗੁਰਪ੍ਰੀਤ ਗੋਪੀ ਦੀ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲਕੇ ਉਸਦਾ ਕਤਲ ਕਰ ਦਿੱਤਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਅਤੇ ਉਸਦੇ ਪ੍ਰੇਮੀ ਨੂੰ ਗ੍ਰਿਫਤਾਰ ਕੀਤਾ ਹੈ। ਐਸਐਸਪੀ ਪਰਮਪਾਲ ਸਿੰਘ ਦਾ ਕਹਿਣਾ ਹੈ ਕਿ ਗੁਰਪ੍ਰੀਤ ਆਪਣੀ ਪਤਨੀ ਨੂੰ ਮਾਰਦਾ-ਕੁੱਟਦਾ ਸੀ। ਇਸ ਵਜ੍ਹਾ ਨਾਲ ਉਸਦੇ ਦੇ ਇੱਕ ਹੋਰ ਵਿਅਕਤੀ ਨਾਲ ਨਾਜਾਇਜ ਸਬੰਧ ਬਣ ਗਏ।
ਜਾਣਕਾਰੀ ਅਨੁਸਾਰ ਇਹ ਪ੍ਰੇਮੀ ਜੋੜਾ ਗੁਰਪ੍ਰੀਤ ਸਿੰਘ ਨੂੰ ਆਪਣੇ ਰਾਹ ਵਿੱਚ ਰੋੜਾ ਸਮਝਦਾ ਸੀ, ਜਿਸ ਕਾਰਨ ਉਨ੍ਹਾਂ ਨੇ ਇਹ ਖੌਫਨਾਕ ਵਾਰਦਾਤ ਕਰਨ ਦਾ ਇਰਾਦਾ ਕੀਤਾ। ਗੁਰਪ੍ਰੀਤ ਦੀ ਪਤਨੀ ਵੱਲੋਂ ਲਗਾਤਾਰ ਆਪਣੇ ਪ੍ਰੇਮੀ ਉਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਉਹ ਉਸਨੂੰ ਆਪਣੇ ਰਾਹ ਵਿੱਚੋਂ ਹਟਾਵੇ।
ਇਸ ਔਰਤ ਦੇ ਦਬਾਅ ਹੇਠ ਆਉਂਦਿਆਂ ਉਕਤ ਪ੍ਰੇਮੀ ਨੇ ਪਹਿਲਾਂ ਤਾਂ ਗੁਰਪ੍ਰੀਤ ਸਿੰਘ ਅਤੇ ਉਸਦੇ ਦੋਸਤ ਨਾਲ ਘਰੇ ਸ਼ਰਾਬ ਪੀਤੀ ਅਤੇ ਫਿਰ ਉਨ੍ਹਾਂ ਨੂੰ ਨਾਲ ਲੈ ਕੇ ਖਰੀਦਦਾਰੀ ਕਰਨ ਚਲਾ ਗਿਆ। ਰਸਤੇ ਵਿੱਚ ਪਹੁੰਚ ਕੇ ਉਸਨੇ ਤੇਜਧਾਰ ਹਥਿਆਰ ਨਾਲ ਸ਼ਰਾਬੀ ਹੋਏ ਗੁਰਪ੍ਰੀਤ ਸਿੰਘ ਅਤੇ ਉਸਦੇ ਦੋਸਤ ਦਾ ਕਤਲ ਕਰ ਦਿੱਤਾ।
ਪੁਲਿਸ ਅਧਿਕਾਰੀਆਂ ਮੁਤਾਬਿਕ ਇਸ ਕੇਸ ਦੀ ਵਿਗਿਆਨਕ ਢੰਗ ਨਾਲ ਜਾਂਚ ਕੀਤੀ ਗਈ, ਜਿਸ ਵਿੱਚ ਇਹ ਸਾਫ ਹੋ ਗਿਆ ਕਿ ਕਤਲ ਨਜਾਇਜ ਸਬੰਧਾਂ ਕਾਰਨ ਕੀਤਾ ਗਿਆ ਹੈ। ਪੁਲਿਸ ਨੇ ਸਾਰੇ ਸਬੂਤ ਇਕੱਠੇ ਕੀਤੇ ਅਤੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਤੇਜਧਾਰ ਹਥਿਆਰ ਅਤੇ ਮੋਬਾਇਲ ਬਰਾਮਦ ਕੀਤੇ ਹਨ। ਬਰਾਮਦ ਕੀਤੇ ਗਏ ਮੋਬਾਇਲ ਉਤੇ ਇਹ ਪ੍ਰੇਮੀ ਜੋੜਾ ਆਪਸ ਵਿੱਚ ਗੱਲ੍ਹਾਂ ਕਰਦਾ ਹੁੰਦਾ ਸੀ।
ਪੁਲਿਸ ਅਧਿਕਾਰੀਆਂ ਮੁਤਾਬਿਕ ਮੁਲਜ਼ਮ ਨਿੰਮਾ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਸਾਲੇ ਨਾਲ ਕੰਮ ਕਰਦਾ ਹੁੰਦਾ ਸੀ ਅਤੇ ਇਸੇ ਦੌਰਾਨ ਮ੍ਰਿਤਕ ਦੀ ਪਤਨੀ ਅਤੇ ਮੁਲਜ਼ਮ ਦੇ ਨਜਾਇਜ ਸਬੰਧ ਕਾਇਮ ਹੋ ਗਏ। ਥੋੜੇ ਦਿਨ੍ਹਾਂ ਵਿੱਚ ਮ੍ਰਿਤਕ ਦੇ ਸਾਲੇ ਦਾ ਵਿਆਹ ਸੀ ਅਤੇ ਮੁਲਜ਼ਮ ਵਿਆਹ ਤੋਂ ਪਹਿਲਾਂ-ਪਹਿਲਾਂ ਇਸ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸਨ ਅਤੇ ਉਨ੍ਹਾਂ ਵੱਲੋਂ ਇਹ ਵਾਰਦਾਤ ਕਰ ਵੀ ਦਿੱਤੀ ਗਈ। ਮ੍ਰਿਤਕ ਗੁਰਪ੍ਰੀਤ ਸਿੰਘ ਦਾ ਦੋਸਤ ਮਨਦੀਪ ਕਿਉਂਕਿ ਵਾਰਦਾਤ ਵੇਲੇ ਮੌਜੂਦ ਸੀ, ਇਸ ਲਈ ਮੁਲਜ਼ਮ ਨੇ ਉਸਨੂੰ ਵੀ ਖਤਮ ਕਰ ਦਿੱਤਾ।
ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੋਵਾਂ ਮੁਲਜ਼ਮਾਂ ਨੇ ਇਹ ਕਿਹਾ ਹੈ ਕਿ ਗੁਰਪ੍ਰੀਤ ਸਿੰਘ ਆਪਣੀ ਘਰਵਾਲੀ ਨੂੰ ਕੁੱਟਦਾ-ਮਾਰਦਾ ਸੀ, ਜਿਸ ਕਾਰਨ ਉਨ੍ਹਾਂ ਵਿੱਚ ਨਜਾਇਜ ਸਬੰਧ ਬਣੇ। ਫਿਲਹਾਲ ਪੁਲਿਸ ਵੱਲੋਂ ਇਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।