Tuesday , August 16 2022

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਚੋਰੀ, ਕਰਨ ਵਾਲੀ ਔਰਤ ਗ੍ਰਿਫ਼ਤਾਰ…

ਦੀਨਾਨਗਰ : ਪੰਜਾਬਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਕਾਫ਼ੀ ਵਿਵਾਦ ਹੋਇਆ ਸੀ। ਪੁਲਿਸ ਇਸ ਮਾਮਲੇ ਵਿਚ ਹਾਲੇ ਤੱਕ ਅਸਲ ਦੋਸ਼ੀਆਂ ਨੂੰ ਫੜਨ ਵਿਚ ਨਾਕਾਮ ਰਹੀ ਹੈ। ਅਜੇ ਵੀ ਸੂਬੇ ਵਿਚ ਕਿਤੇ ਨਾ ਕਿਤੇ ਅਜਿਹੀਆਂ ਮੰਦਭਾਗੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਜੋ ਸਿੱਖਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਾਉਂਦੀਆਂ ਹਨ। ਦੀਨਾਨਗਰ ਦੇ ਨਾਲ ਲੱਗਦੇ ਪੁਲਿਸ ਥਾਣਾ ਕਾਨਵਾਂ ਦੇ ਪਿੰਡ ਛੰਨੀ ਦੇ ਗੁਰਦੁਆਰਾ ਸਾਹਿਬ ‘ਚੋਂ ਸ਼ੁੱਕਰਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਪਾਵਨ ਸਰੂਪ ਚੋਰੀ ਹੋ ਜਾਣ ਦੀ ਘਟਨਾ ਸਾਹਮਣੇ ਆਈ ਸੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕੀਤੇ ਜਾਣ ਦੀ ਘਟਨਾ ਗੁਰਦੁਆਰਾ ਸਾਹਿਬ ‘ਚ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ, ਜਿਸ ਤੋਂ ਬਾਅਦ ਤੋਂ ਬਾਅਦ ਪਿੰਡ ਵਾਸੀਆਂ ਅਤੇ ਪੁਲਿਸ ਨੇ ਸੀਸੀਟੀਵੀ ਦੀ ਮਦਦ ਨਾਲ ਪਠਾਨਕੋਟ ਪੁਲਿਸ ਵੱਲੋਂ ਕੁਝ ਹੀ ਸਮੇਂ ‘ਚ ਮਾਮਲਾ ਸੁਲਝਾ ਲਿਆ ਗਿਆ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਹੋਏ ਪਾਵਨ ਸਰੂਪ ਬਰਾਮਦ ਕਰ ਲਏ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਛੰਨੀ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਗ੍ਰੰਥੀ ਪ੍ਰਗਟ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਜਦੋਂ ਪਿੰਡ ਦੀ ਸੰਗਤ ਪਿੰਡ ‘ਚ ਪ੍ਰਭਾਤ ਫੇਰੀ ਕੱਢੀ ਜਾ ਰਹੀ ਸੀ ਤਾਂ ਗੁਰਦੁਆਰਾ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਪਵਿੱਤਰ ਸਰੂਪ ਚੋਰੀ ਹੋ ਗਏ ਸਨ। ਇਸ ਤੋਂ ਬਾਅਦ ਗੁਰਦੁਆਰੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕੀਤੀ ਗਈ। ਸ਼ੁੱਕਰਵਾਰ ਸਵੇਰੇ 5.20 ‘ਤੇ ਵਾਪਰੀ ਉਕਤ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਚੁੱਕੀ ਸੀ। ਜਦੋਂ ਸੀਸੀਟੀਵੀ ਦ ਜਾਂਚ ਕੀਤੀ ਗਈ ਤਾਂ ਇਸ ‘ਚ ਇੱਕ ਔਰਤ ਦੋ ਗੇੜਿਆਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਵੇਂ ਸਰੂਪ ਚੋਰੀ ਕਰ ਕੇ ਲਿਜਾ ਰਹੀ ਦਿਖਾਈ ਦਿੱਤੀ।


ਇਸ ਦੀ ਪੁਸ਼ਟੀ ਹੋਣ ‘ਤੇ ਤੁਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦੀ ਸੂਚਨਾ ਘਰੋਟਾ ਪੁਲਿਸ ਚੌਂਕੀ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪਠਾਨਕੋਟ ਜ਼ਿਲ੍ਹਾ ਪੁਲਿਸ ਦੇ ਸੀਨੀਅਰ ਅਧਿਕਾਰੀ ਸ਼ੁੱਕਰਵਾਰ ਦੇਰ ਰਾਤ ਨੂੰ ਹੀ ਮੌਕੇ ‘ਤੇ ਪੁੱਜੇ ਗਏ ਸਨ ਅਤੇ ਸੀਸੀਟੀਵੀ ਕੈਮਰੇ ਦੀ ਵੀਡਿਓ ਫੁਟੇਜ ਦੇ ਆਧਾਰ ‘ਤੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੀ ਔਰਤ ਦੀ ਸ਼ਨਾਖਤ ਉਪਰੰਤ ਉਕਤ ਔਰਤ ਦੇ ਘਰ ‘ਤੇ ਛਾਪਾ ਮਾਰਿਆ ਗਿਆ। ਜਿੱਥੋਂ ਪੁਲਿਸ ਨੇ ਮੁਲਜ਼ਮ ਗੁਰਜੀਤ ਕੌਰ ਵਾਸੀ ਛੰਨੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੀ ਨਿਸ਼ਾਨਦੇਹੀ ‘ਤੇ ਘਰ ਹੀ ਕੱਪੜਿਆਂ ਵਾਲੀ ਪੇਟੀ ‘ਚ ਲੁਕੋ ਕੇ ਰੱਖੇ ਦੋਵੇਂ ਪਵਿੱਤਰ ਸਰੂਪਾਂ ਨੂੰ ਵੀ ਬਰਾਮਦ ਕਰ ਲਿਆ ਗਿਆ। ਜਿਨ੍ਹਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ।

ਜਦੋਂ ਇਸ ਸਬੰਧੀ ਪਠਾਨਕੋਟ ਪੁਲਿਸ ਦੇ ਸਹਇਕ ਪੁਲਿਸ ਕਪਤਾਨ ਹਰਮਨਦੀਪ ਹੰਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਿਰਫ਼ ਏਨਾ ਹੀ ਕਿਹਾ ਕਿ ਪੁਲਿਸ ਨੇ ਇਸ ਘਟਨਾ ਸਬੰਧੀ ਮੁਲਜ਼ਮ ਗੁਰਜੀਤ ਕੌਰ ਵਾਸੀ ਛੰਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦੀ ਨਿਸ਼ਾਨਦੇਹੀ ‘ਤੇ ਚੋਰੀ ਪਾਵਨ ਸਰੂਪ ਵੀ ਬਰਾਮਦ ਕਰ ਲਏ ਗਏ ਹਨ। ਹੁਣ ਪੁਲਿਸ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਮੁਲਜ਼ਮ ਕੋਲੋਂ ਸਖਤੀ ਨਾਲ ਪੁੱਛ-ਪੜਤਾਲ ਕਰ ਰਹੀ ਹੈ।

ਇਸ ਮਾਮਲੇ ਵਿਚਮੁਲਜ਼ਮ ਗੁਰਜੀਤ ਕੌਰ ਬਾਰੇ ਪਠਾਨਕੋਟ ਪੁਲਿਸ ਵੱਲੋਂ ਤਾਂ ਭਾਵੇਂ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ ਹੈ ਪਰ ਜਦੋਂ ਇਸ ਸਬੰਧੀ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਗੁਰਜੀਤ ਕੌਰ ਝਗੜਾਲੂ ਤੇ ਤੰਤਰ ਵਿੱਦਿਆ ‘ਚ ਯਕੀਨ ਰੱਖਣ ਵਾਲੀ ਔਰਤ ਹੈ, ਜਿਸ ਨੂੰ ਕਦੇ ਵੀ ਕਿਸੇ ਨੇ ਗੁਰਦੁਆਰੇ ਆਉਂਦੇ-ਜਾਂਦੇ ਨਹੀਂ ਸੀ ਵੇਖਿਆ। ਚੋਰੀ ਦੀ ਘਟਨਾ ਨੂੰ ਅੰਜ਼ਾਮ ਦੇਣ ਪਿੱਛੇ ਮੁਲਜ਼ਮ ਦੀ ਕੀ ਯੋਜਨਾ ਸੀ ਜਾਂ ਉਸ ਨੇ ਕਿਸੇ ਹੋਰ ਦੇ ਕਹਿਣ ‘ਤੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ, ਇਸ ਬਾਰੇ ਪੂਰੀ ਸੱਚਾਈ ਦਾ ਅਜੇ ਪਰਦਾਫਾਸ਼ ਨਹੀਂ ਹੋ ਸਕਿਆ ਹੈ।