Wednesday , December 7 2022

ਸਿੱਖ ਨੌਜਵਾਨ ਨੇ 15 ਦਿਨਾਂ ਵਿੱਚ ਕਿਵੇਂ ਬਦਲੀ ਲੱਦਾਖੀਆਂ ਦੀ ਜ਼ਿੰਦਗੀ?…..

ਆਈਆਈਟੀ ਬੰਬੇ ਤੋਂ ਪੜ੍ਹਾਈ ਕਰਨ ਵਾਲੇ 30 ਸਾਲਾ ਜੈਦੀਪ ਬਾਂਸਲ ਇੱਕ ਬਹੁਕੌਮੀ ਕੰਪਨੀ ਵਿੱਚ ਚੰਗੇ ਅਹੁਦੇ ਅਤੇ ਚੰਗੀ ਤਨਖਾਹ ‘ਤੇ ਕੰਮ ਕਰਦਾ ਸੀ ਪਰ ਉਹ ਕੀ ਤਲਾਸ਼ ਰਿਹਾ ਸੀ, ਇਸ ਬਾਰੇ ਉਹ ਵੀ ਨਹੀਂ ਜਾਣਦਾ ਸੀ।

ਸਾਲ 2013 ‘ਚ ਇੱਕ ਦਿਨ ਦਫ਼ਤਰ ਤੋਂ ਦੋ ਹਫ਼ਤੇ ਦੀ ਛੁੱਟੀ ਲਈ ਤੇ ਕਈ ਜ਼ਿੰਦਗੀਆਂ ਬਦਲ ਦਿੱਤੀਆਂ।

ਜੈਦੀਪ ਨੇ ਦੱਸਿਆ, ”ਮੇਰੇ ਦੋਸਤ ਪਾਰਸ ਨੇ ‘ਗਲੋਬਲ ਹਿਮਾਲੀਅਨ ਐਕਸਪੀਡਿਸ਼ਨ’ ਸ਼ੁਰੂ ਕੀਤਾ ਸੀ, ਜਿਸ ਦਾ ਮਕਸਦ ਹਿਮਾਲਿਆ ਦੇ ਦੂਰ-ਦੁਰਾਡੇ ਇਲਾਕਿਆਂ ‘ਚ ਬਿਜਲੀ ਤੇ ਸਿੱਖਿਆ ਪਹੁੰਚਾਉਣਾ ਸੀ।

ਇਨ੍ਹਾਂ ਛੁੱਟੀਆਂ ‘ਚ ਮੈਂ ਇਸ ਗਰੁੱਪ ਦੇ ਨਾਲ ਹਿਮਾਲਿਆ ‘ਤੇ ਜਾਣ ਦਾ ਪ੍ਰੋਗਰਾਮ ਬਣਾਇਆ। ਉੱਥੇ ਕਈ ਲੋਕਾਂ ਨੂੰ ਮਿਲਿਆ ਜਿਨ੍ਹਾਂ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਉੱਥੇ ਰੌਬਰਟ ਸਵਾਨ ਨੂੰ ਮਿਲਿਆ ਜੋ ਧਰਤੀ ਦੇ ਦੋਵੇਂ ਧਰੁਵਾਂ ‘ਤੇ ਤੁਰ ਚੁੱਕਿਆ ਸੀ।

ਅਜਿਹੇ ਵਿਅਕਤੀਆਂ ਨੂੰ ਮਿਲਿਆ ਜਿਨ੍ਹਾਂ ਨੇ ਪਾਣੀ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਲਈ ਦੋ ਸਾਲਾਂ ਵਿੱਚ ਉੱਤਰ ਤੋਂ ਲੈ ਕੇ ਦੱਖਣ ਧਰੁਵ ਤੱਕ ਸਾਈਕਲਿੰਗ ਕੀਤੀ ਹੈ। (ਤੁਸੀਂ ਪੜ੍ਹ ਰਹੇ ਹੋ nri ਪੰਜਾਬੀ ) ਪਹਾੜਾਂ ਵਿੱਚ ਜਦ ਤੁਸੀਂ ਅਜਿਹੇ ਵਿਅਕਤੀਆਂ ਦੇ ਨੇੜੇ ਅਤੇ ਮੋਬਾਈਲ ਤੇ ਇੰਟਰਨੈੱਟ ਤੋਂ ਦੂਰ ਹੋ ਤਾਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ।

ਮੈਨੂੰ ਨਹੀਂ ਪਤਾ ਸੀ ਕਿ ਅੱਜ ਵੀ ਅਜਿਹੇ ਇਲਾਕੇ ਹਨ, ਜਿੱਥੇ ਲੋਕ ਬਿਜਲੀ ਤੋਂ ਬਿਨਾਂ ਜ਼ਿੰਦਗੀ ਬਸਰ ਕਰ ਰਹੇ ਹਨ। ਉੱਥੋਂ ਵਾਪਸ ਆਇਆ ਤਾਂ ਸਿਰਫ ਇੰਨਾ ਪਤਾ ਸੀ ਕਿ ਇਸ ਪ੍ਰੋਗਰਾਮ ਨਾਲ ਜੁੜਣਾ ਹੈ।”

2014 ਵਿੱਚ ਜਦ ਦੂਜੀ ਵਾਰ ਉੱਥੇ ਜਾਣ ਦਾ ਮੌਕਾ ਮਿਲਿਆ ਤਾਂ ਸੋਚ ਲਿਆ ਸੀ ਕਿ ਹਿਮਾਲਿਆ ਦੇ ਕਿਸੇ ਪਿੰਡ ‘ਚ ਬਿਜਲੀ ਪਹੁੰਚਾਵਾਂਗੇ।

15 ਦਿਨਾਂ ਦੀਆਂ ਛੁੱਟੀਆਂ ਲੈ ਕੇ ਜਦੋਂ ਅਸੀਂ ਮੁੜ ਤੋਂ ਹਿਮਾਲਿਆ ‘ਤੇ ਪਹੁੰਚੇ ਤਾਂ ਸੋਲਰ ਪੈਨਲ ਤੇ ਬੈਟਰੀ ਨਾਲ ਤਿੰਨ ਦਿਨਾਂ ਵਿੱਚ ਲੱਦਾਖ ਦੇ ਇੱਕ ਪਿੰਡ ਸੁਮਦਾ ਚੇਨਮੋ ‘ਚ ਬਿਜਲੀ ਪਹੁੰਚਾਈ।

ਇਸ ਕੰਮ ਤੋਂ ਬਾਅਦ ਮੈਨੂੰ ਜੋ ਮਿਲਿਆ ਉਹ ਕਿਸੇ ਵੀ ਹੋਰ ਅਨੁਭਵ ਤੋਂ ਕਿਤੇ ਵੱਧ ਸੀ।

ਇਸ ਤੋਂ ਬਾਅਦ 2015 ‘ਚ ਮੈਂ ਤਿੰਨ ਮਹੀਨਿਆਂ ਦੀ ਛੁੱਟੀ ਲੈ ਲਈ। ਫੇਰ ਅਸੀਂ ‘ਵਰਲਡ ਇਕਾਨੋਮਿਕ ਫੋਰਮ’ ‘ਚ ਵੀ ਸ਼ਾਮਲ ਹੋਏ ਤੇ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਬਿਜਲੀ ਪਹੁੰਚਾਉਣ ਦੇ ਪ੍ਰੋਜੈਕਟ ਬਾਰੇ ਦੱਸਿਆ ਤਾਂ ਕੁੱਝ ਕਾਰਪੋਰੇਟ ਕੰਪਨੀਆਂ ਨੇ ਸਾਨੂੰ ਪੰਜ ਪਿੰਡਾਂ ਲਈ ਫੰਡ ਦਿੱਤਾ।

ਫਿਰ ਅਸੀਂ ਤਿੰਨ ਮਹੀਨਿਆਂ ਦੇ ਅੰਦਰ ਦਸ ਪਿੰਡਾਂ ‘ਚ ਬਿਜਲੀ ਪਹੁੰਚਾਈ। ਚੀਨ ਤੇ ਪਾਕਿਸਤਾਨ ਸਰਹੱਦ ਉੱਤੇ ਵਸਦੇ 30 ਪਿੰਡਾਂ ਦਾ ਸਰਵੇਅ ਕੀਤਾ ਗਿਆ। ਅਸੀਂ ਪਿੰਡ ਦੇ ਲੋਕਾਂ ਨੂੰ ਸ਼ਾਮਲ ਕੀਤਾ ਕਿਉਂਕਿ ਉਨ੍ਹਾਂ ਤੋਂ ਬਿਨਾਂ ਸਾਡਾ ਕੰਮ ਨਹੀਂ ਚਲ ਸਕਦਾ ਸੀ।

ਅਸੀਂ ਟਰੈਕ ਕਰ ਕੇ ਪਿੰਡਾਂ ਵਿੱਚ ਜਾਂਦੇ ਸੀ। ਇੱਕ ਦੋ ਵਾਰ ਮੈਂ ਮੌਤ ਦੇ ਮੁੰਹ ‘ਚੋਂ ਵੀ ਬਚਿਆ। ਇਹ ਅਜਿਹਾ ਨਹੀਂ ਹੈ ਕਿ ਤੁਸੀਂ ਉੱਠ ਕੇ ਆ ਗਏ ਤੇ ਸਾਰਾ ਕੁਝ ਹੋ ਗਿਆ। ਪਹਾੜਾਂ ਵਿੱਚ ਖਤਰਾ ਵੀ ਹੁੰਦਾ ਹੈ। ਪਰ ਜਦ ਅਜਿਹਾ ਕੁਝ ਹੁੰਦਾ ਹੈ ਉਦੋਂ ਹੀ ਤੁਸੀਂ ਖੁਦ ਨੂੰ ਪੁੱਛਦੇ ਹੋ ਕਿ ਇਸ ਜੋਖਮ ਦਾ ਮਹੱਤਵ ਹੈ ਜਾਂ ਨਹੀਂ।

ਇਸ ਦੀ ਅਹਿਮੀਅਤ ਲੋਕਾਂ ਦੇ ਚਿਹਰੇ ‘ਤੇ ਖੁਸ਼ੀ ਵੇਖ ਕੇ ਮਿਲਦੀ ਹੈ। ਤੁਸੀਂ ਉਨ੍ਹਾਂ ਲਈ ਬਸ ਇੰਨਾ ਕੀਤਾ ਕਿ ਉਹ ਤੁਹਾਨੂੰ ਰਾਜਾ ਬਣਾ ਦਿੰਦੇ ਹਨ, ਰੱਬ ਵਾਂਗ ਵੇਖਦੇ ਹਨ।

ਇੱਕ ਪਿੰਡ ਵਿੱਚ ਲੋਕਾਂ ਨੇ ਮੈਨੂੰ 200 ਸਾਲ ਪੁਰਾਣੇ ਵਿਸ਼ੇਸ਼ ਕਪੜੇ ਪਹਿਨਾਏ, ਜੋ ਉਹ ਆਪਣੇ ਕਿਸੇ ਗੁਰੂ ਨੂੰ ਪਹਿਨਾਉਂਦੇ ਹਨ।

ਬਿਜਲੀ ਦੀ ਰੌਸ਼ਨੀ ਵੇਖਦੇ ਹੀ ਲੋਕ ਨੱਚਣ ਲਗਦੇ ਸੀ। ਕਦੇ ਕੋਈ ਖੁਸ਼ੀ ‘ਚ ਰੋਣ ਵੀ ਲੱਗਦਾ ਸੀ। ਕੋਈ ਪੁੱਛ ਰਿਹਾ ਸੀ ਕਿ ਇਸ ਬਲਬ ਵਿੱਚ ਮਿੱਟੀ ਦਾ ਤੇਲ ਕਿੱਥੋਂ ਪੈਂਦਾ ਹੈ। ਤੁਸੀਂ ਤਾਰ ਲਗਾਉਣਾ ਸ਼ੁਰੂ ਹੀ ਕਰਦੇ ਹੋ ਤੇ ਰਸੋਈ ‘ਚ ਬੈਠੀ ਔਰਤ ਧੰਨਵਾਦ ਕਰਦੀ ਨਹੀਂ ਥੱਕਦੀ। ਉਨ੍ਹਾਂ ਵਰਗਾ ਪਿਆਰ ਸ਼ਹਿਰਾਂ ‘ਚ ਕਦੇ ਵੀ ਨਹੀਂ ਮਿਲ ਸਕਦਾ।

2016 ਵਿੱਚ ਮੈਂ ਨੌਕਰੀ ਛੱਡ ਦਿੱਤੀ। ਜਾਣਦਾ ਸੀ ਕਿ ਇਸ ‘ਚੋਂ ਵੱਧ ਕਮਾਈ ਨਹੀਂ ਕਰ ਸਕਾਂਗਾ ਪਰ ਹੁਣ ਮੈਨੂੰ ਪਤਾ ਲਗ ਗਿਆ ਸੀ ਕਿ ਮੇਰੀ ਕੀ ਪ੍ਰੇਰਣਾ ਹੈ।

ਇਨ੍ਹਾਂ ਤਿੰਨ ਮਹੀਨਿਆਂ ਵਿੱਚ ਮੈਂ ਵੇਖਿਆ ਕਿ ਅਸਲ ਖੁਸ਼ੀ ਕੀ ਹੁੰਦੀ ਹੈ। ਇੱਕ ਬੱਲਬ ਕਿਵੇਂ ਲੋਕਾਂ ਦੀ ਜ਼ਿੰਦਗੀ ਬਦਲ ਸਕਦਾ ਹੈ, ਕਿਵੇਂ ਬੱਲਬ ਜਗਦਿਆਂ ਹੀ ਲੋਕ ਖੁਸ਼ੀ ਵਿੱਚ ਨੱਚਣ ਲੱਗਦੇ, ਹੱਸਣ ਲੱਗਦੇ ਤੇ ਖੁਸ਼ੀ ਵਿੱਚ ਹੰਝੂ ਵੀ ਕੇਰਦੇ ਹਨ।

ਮੈਂ ਲੋਕਾਂ ਨਾਲ ਮਿਲ ਕੇ ਕੰਮ ਕਰਨਾ ਸਿੱਖਿਆ, ਵੱਖ ਵੱਖ ਹਾਲਤਾਂ ‘ਚ ਕੀ ਕਰਨਾ ਹੈ, ਕਿਵੇਂ ਸਬਰ ਰੱਖਣਾ ਹੈ, ਕਿਉਂਕਿ ਪਹਾੜਾਂ ਤੋਂ ਵੱਧ ਤੁਹਾਨੂੰ ਕੋਈ ਨਹੀਂ ਸਿਖਾ ਸਕਦਾ।”