ਧੀ ਤੇ ਸਾਡੀ ਸੋਚ – ਨੇਚਰਦੀਪ :- ਮਨਦੀਪ ਸਿੰਘ ਕਾਹਲੋਂ
ਰਾਤ ਦੀ ਲੰਮਿਕਿਆ ਸਰਦਾਰਾ ਦੇ ਮੁੰਡੇ ਜਸਜੀਤ ਘਰ ਧੀ ਨੇ ਜਨਮ ਲਿਆ ਸੀ ਤੇ ਰਾਤ ਹੀ ਉਹਨਾਂ ਦੇ ਸੀਰੀ ਜੋਗੇ ਦੇ ਘਰੇ ਵੀ ਚੌਥੀ ਧੀ ਨੇ ਜਨਮ ਲਿਆ ਸੀ। ਜਸਜੀਤ ਬਹੁਤ ਪ੍ਰੇਸ਼ਾਨ ਸੀ।ਉਹ ਦਾਦੀ ਦਾ ਲਾਡਲਾ ਸੀ। ਧੀ ਕਾਹਦੀ ਹੋਈ ਸੀ ਘਰ ਤੇ ਮਾਤਮ ਛਾਇਆ ਪਿਆ ਸੀ। ਜਸਜੀਤ ਦੀ ਮਾਂ ਨੇ ਭਾਵੇਂ ਕੁੱਝ ਚੰਗਾ ਮਾੜਾ ਨਹੀਂ ਸੀ ਕਿਹਾ ਪਰ ਜਸਜੀਤ ਦੀ ਦਾਦੀ ਬਹੁਤ ਗੁੱਸੇ ਚ ਸੀ ਉਸ ਨੇ ਰੋਟੀ ਵੀ ਨਹੀਂ ਸੀ ਖਾਦੀ ਤੇ ਰੋਈ ਜਾ ਰਹੀ ਸੀ ਪੁੱਤ ਹੁੰਦਾ ਤਾ ਖੂਸਰੇ ਨੱਚਦੇ, ਸਾਂਸੀ ਪੰਡ ਆਉਦੇ ਮੈਂ ਵੇਲਾ ਕਰਵਾਉਦੀ ।ਅਸੀ ਲੋਹੜੀ ਵੰਡਦੇ।ਪਤਾ ਨਹੀਂ ਕੀ ਕੁੱਝ ਕਹੀ ਗਈ ਸੀ। ਗੁਰੂਦੁਆਰੇ ਪ੍ਰਸ਼ਾਦ ਕਰਵਾਉਦੀ ਲੰਗਰ ਲਵਾਉਦੀ। ਜਸਜੀਤ ਨੇ ਮਰਜੀ ਦਾ ਵਿਆਹ ਕਰਵਾਇਆ ਸੀ ਸੋ ਦਾਦੀ ਨੂੰ ਪੋਤੇ ਦੀ ਈਨ ਅੱਗੇ ਝੂਕਣਾ ਤਾਂ ਪਿਆ ਸੀ ਪਰ ਪੋਤ ਨੂੰਹ ਤੋਂ ਉਹ ਖਾਰ ਹੀ ਖਾਦੀ ਸੀ।
ਵੇਖ ਲੈ ਆਉਦੀ ਨੇ ਪੱਥਰ ਮੜਤਾ ਮੱਥੇ ।ਜੇ ਪੁੱਤ ਹੂੰਦਾ ਤਾਂ ਕਿਵੇਂ ਕੰਧੀ ਚਾਨਣ ਹੋਣਾ ਸੀ। ਕਰੀ ਹੁਣ ਤੋਂ ਹੀ ਦਾਜ ਇੱਕਠਾ ਕਰਨਾ ਸ਼ੁਰੂ। ਲੱਗ ਗਿਆ ਪਰਨਾਲਾ ਤੇਰੇ ਘਰ ਨੂੰ ਵੀ। ਜਮ ਪੀ ਆ ਧੀ ਗੱਲ ਮੁੱਕਦੀ ਕੀ ਆਖ ਆਖ ਜਸਜੀਤ ਨੂੰ ਏਨਾ ਪ੍ਰੇਸ਼ਾਨ ਕਰ ਦਿੱਤਾ ਕਿ ਉਹ ਬੱਚੀ ਦੇ ਜਨਮ ਸਮੇਂ ਮਸਾ ਬਚੀ ਅਪਣੀ ਤੀਵੀਂ ਕੋਲ ਵੀ ਨਾ ਗਿਆ ਤੇ ਨਾ ਹੀ ਉਸ ਧੀ ਦਾ ਮੂੰਹ ਵੇਖਿਆ ਵਾਪਿਸ ਘਰ ਆ ਬਾਹਰ ਗਾਰਡਨ ਚ ਬੈਠਾ ਬੈਠਾ ਪੂਰੀ ਬੋਤਲ ਪੀ ਗਿਆ ਤੇ ਰਾਤ ਦਾ ਉੱਥੇ ਹੀ ਕੁਰਸੀ ਤੇ ਪਿਆ ਸੀ।
ਅੱਜ ਜੋਗਾ ਥੋੜਾ ਦੇਰ ਨਾਲ ਆਇਆ ਸੀ ਪਰ ਖੁਸ਼ ਬੜਾ ਸੀ ਹੱਥ ਚ ਪ੍ਰਸਾਦ ਫੜਿਆ ਸੀ। ਆਉਦੇ ਨੇ ਜਸਜੀਤ ਨੂੰ ਉੱਚੀ ਦਾਣੀ ਫਤਿਹ ਬੁਲਾਈ ਪਰ ਸੀਰੀ ਹੋਣ ਕਰਕੇ ਪ੍ਰਸਾਦ ਅਪਣੇ ਪਰਨੇ ਦੇ ਕੰਨੀ ਹੀ ਬੰਨ ਲਿਆ ਸਰਦਾਰ ਨੂੰ ਕਿਵੇਂ ਦੇਦਾ। ਸੀਰੀ ਜੋ ਸੀ, ਡਰਦਾ ਡਰਦਾ ਆਖਦੇ ਛੋਟੇ ਸਰਦਾਰਾ ਅੱਜ ਮਾਫ ਕਰੀ। ਅੱਜ ਦੇਰ ਹੋ ਗਈ ਆਉਣ ਚ। ਸਰਦਾਰਾ ਮਾਲਕ ਦੀ ਮੇਹਰ ਨਾਲ ਚੌਥੀ ਧੀ ਆਈ ਰਾਤ ਦੀ……ਲੱਛਮੀ ਆਈ ਸਾਡੇ ਘਰੇ ਤਾ। ਬੜੀ ਸੋਹਣੀ ਏ ਛੋਟੇ ਛੋਟੇ ਹੱਥ ਲੰਮਾ ਪਤਲਾ ਮੂੰਹ ਉੱਚਾ ਨੱਕ ਲਾਲ ਸੂਆ ਰੰਗ। ਸਰਦਾਰਾ ਮੁੱਕਦੀ ਗੱਲ ਮਾਂ ਅਪਣੀ ਤੇ ਗਈ ਏ। ਰਾਤ ਦਾ ਸਾਰੇ ਜੀਅ ਬੜੇ ਖੂਸ਼ ਹਾ ਕਿ ਜੱਚਾ ਬੱਚਾ ਦੋਵੇਂ ਰਾਜੀ ਨੇ ਮਾਲਕ ਦੀ ਦਯਾ ਨਾਲ। ਆ ਬਸ ਮੱਥਾ ਟੇਕਣ ਗਿਆ ਕੁਵੇਲਾ ਹੋ ਗਿਆ।
ਉਸ ਗੱਲ ਅੱਗੇ ਤੇ ਹੋਰ ਅੱਗੇ ਵਧਾ ਲਈ। ਆਖਦੈ ਸਰਦਾਰਾ ਮਾੜੇ ਤੇ ਨਸ਼ਈ ਇੱਕ ਪੁੱਤ ਨਾਲੋ ਚਾਰ ਧੀਆਂ ਚੰਗੀਆਂ। ਕੁੱਝ ਨਹੀਂ ਮੰਗਦੀਆ। ਮੇਰੀ ਵੱਡੀ ਤਾ ਬਾਰਾਂ ਵਰ੍ਹਿਆਂ ਦੀ ਹੋ ਗਈ ਸੁੱਖ ਨਾਲ ਰਾਤ ਦੀ ਮਾਂ ਅਪਣੀ ਨੂੰ ਸਾਂਭ ਰਹੀ ਹੈ। ਦੂਜੀ ਨੇ ਘਰ ਸਾਂਭ ਲਿਆ ਸਾਡਾ ਰਾਤ ਦਾ ਤੇ ਤੀਜੀ ਦੋਹਾਂ ਨਾਲ ਨਿੱਕੇ ਨਿੱਕੇ ਕੰਮ ਕਰਵਾਈ ਜਾਦੀ ਹੈ।ਸਰਦਾਰਾ ਇਹ ਤਾ ਮੇਰੇ ਨਾਲ ਵੀ ਮਾਲ ਡੰਗਰ ਸੰਭਾਲਣ ਚ ਮਦਦ ਕਰਦੀਆ ਨੇ। ਧੀਆਂ ਸਰਦਾਰਾ ਕੁੱਝ ਮੰਗਦੀਆਂ ਨਹੀਂ ਇਹ ਤਾ ਦੇਂਦੀਆਂ ਨੇ। ਇਹਨਾਂ ਨਾਲ ਤੇ ਘਰ ਭਰਿਆ ਭਰਿਆ ਲੱਗਦਾ।ਅੱਗੇ ਪਿੱਛੇ ਦੋੜੀ ਫਿਰਦੀਆ।
ਧੀਆਂ ਕਾਹਦੀਆਂ ਮੇਰੇ ਤਾ ਪੁੱਤ ਨੇ।ਹੁਣ ਦੱਸ ਪ੍ਰਦਰਾਂ ਦਿਨ ਤਾ ਆ ਵੱਡੀ ਨੇ ਹੀ ਤੁਹਾਡੇ ਘਰੇ ਆਉਣਾ ਕੰਮ ਕਰਨ। ਮਾਂ ਉਹਦੀ ਤਾਂ ਅਜੇ ਕੁਝ ਚਿਰ ਨਹੀਂ ਨਾ ਆ ਸਕਦੀ। ਚੰਗਾ ਸਰਦਾਰਾ ਮੈ ਮਾਲ ਡੰਗਰ ਵੇਖ ਲਵਾ ਕੁਵੇਲਾ ਅੱਗੇ ਹੀ ਬਾਹਲ਼ਾ ਹੋ ਗਿਆ। ਸਰਦਾਰਾ ਤੂੰ ਦਿਲ ਤੇ ਨਾ ਲਾਈ ਨੇਰੀ ਆਈ ਮੀਂਹ ਵੀ ਆਉ। ਧੀਆਂ ਅਪਣੀ ਕਿਸਮਤ ਨਾਲ ਲੈ ਕੇ ਆਉਂਦੀਆਂ ਨੇ ਪਰ ਅਸੀ ਮੂਰਖ ਉਹਨਾਂ ਦੇ ਆਉਂਦਿਆਂ ਰੋ ਰੋ ਉਹਨਾਂ ਦੀ ਕਿਸਮਤ ਖੂਦ ਹੀ ਧੋ ਦੇਦੇ ਹਾ। ਧੀਆਂ ਤੇ ਦੂਜੇ ਘਰ ਜਾ ਕੁੱਲ ਅੱਗੇ ਤੋਰਦੀਆ । ਧੀਆਂ ਤੇ ਦਾਤ ਹੁੰਦੀ ਏ ਬਾਪ ਨੂੰ ਦਾਨੀ ਤਾ ਧੀਆਂ ਹੀ ਬਣਾਉਦੀਆ ਨੇ। ਧੀ ਦਾ ਦਾਨ ਧੀ ਦਾ ਬਾਪ ਹੀ ਤਾ ਕਰ ਸਕਦੈ।
ਜਸਜੀਤ ਜੋ ਸਿਰ ਸੁੱਟੀ ਪਿਆ ਸੀ ਰਾਤ ਦਾ ਬਿਨਾਂ ਕੁੱਝ ਖਾਦੇ ਪੀਤਿਆ। ਉਸ ਦੇ ਮਨ ਨੇ ਖੂਦ ਨੂੰ ਲਾਹਨਤਾ ਪਾਈਆ। ਮਨਾ ਅਸੀ ਖੂਦ ਨੂੰ ਸਿਆਣਾ ਤੇ ਪੜਿਆ ਲਿਖਿਆ ਆਖਦੇ ਹਾ। ਸਾਡੇ ਨਾਲੋਂ ਤਾ ਸਿਆਣਾ ਆ ਜੋਗਾ ਹੋਇਆ। ਹੁਣ ਉਸ ਨੂੰ ਦਾਦੀ ਤੇ ਵੀ ਥੋੜਾ ਗੁੱਸਾ ਆਇਆ ਪਰ ਹੁਣ ਉਹ ਫਟਾਫਟ ਉੱਠ ਬਿਨਾ ਦਾਦੀ ਨੂੰ ਪੁੱਛਿਆ ਦੱਸਿਆ ਨਹਾ ਧੋ ਕੇ ਬਜਾਰ ਗਿਆ ਮਿਠਾਈ ਲੈ ਗੁਰਦੁਆਰੇ ਗਿਆ ਮਾਲਕ ਦਾ ਸ਼ੁਕਰ ਕੀਤਾ ਤੇ…… ਪ੍ਰਸਾਦ ਲੈ ਸਿੱਧਾ ਅਪਣੀ ਤੀਵੀਂ ਕੋਲ ਗਿਆ ਉਸ ਨੂੰ ਵਧਾਈ ਦਿੱਤੀ ਤੇ ਧੀ ਨੂੰ ਹੱਥਾਂ ਚ ਚੁੱਕ ਬਹੁਤ ਦੁਲਾਰਿਆਂ। ਹਸਪਤਾਲ ਬੈਡ ਤੇ ਪਈ ਅਪਣੀ ਤੀਵੀਂ ਕੋਲੋ ਦੇਰ ਨਾਲ ਆਉਣ ਦੀ ਮਾਫੀ ਮੰਗੀ ਤੇ ਇਸ ਕੀਮਤੀ ਤੋਹਫੇ ਲਈ ਸੁਕਰਾਨਾ ਕੀਤਾ। ਇਹ ਸਭ ਕਰਦਿਆਂ ਉਸ ਦੀਆਂ ਅੱਖਾਂ ਨਮ ਸਨ ਪਰ ਚੇਹਰੇ ਤੇ ਖੂਸੀ ਤੇ ਸੰਤੁਸ਼ਟੀ ਸੀ।