Saturday , October 31 2020

ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਪੰਜਾਬੀ ਵੀ ਸਿੱਖਣ ਕੁਝ

ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਪੰਜਾਬੀ ਵੀ ਸਿੱਖਣ ਕੁਝ

ਵਾਹ! ਸੰਦੀਪ ਸਿਆਂ ਵਾਹ!!
ਈਸਟ ਟਮਾਕੀ ਮੋਟਰਵੇਅ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਦਲੇਰੀ ਸੰਗ ਬਚਾਇਆ
– ਜੀਵਨ ਬਚ ਜਾਣ ਬਾਅਦ ਦੋਵੇਂ ਰੋਏ ਲਿਆ ਕਲਾਵੇ ਵਿਚ

ਔਕਲੈਂਡ 16 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)- ਖੂਨ ਦਾਨ ਨੂੰ ਜੀਵਨ ਦਾਨ ਦੇ ਬਰਾਬਰ ਮੰਨਿਆ ਜਾਂਦਾ ਹੈ ਪਰ ਜੇਕਰ ਕੋਈ ਸਿੱਧੇ ਰੂਪ ਵਿਚ ਹੀ ਕਿਸੇ ਦੀ ਜਾਨ ਬਚਾ ਕੇ ਜੀਵਨ ਦਾਨ ਦਾ ਪੁੰਨ ਕਮਾ ਲਵੇ ਤਾਂ ਉਹ ਕਿਸੇ ਦੇ ਲਈ ਫਰਿਸ਼ਤਾ ਹੋ ਸਕਦਾ ਹੈ। ਇਕ ਅਜਿਹੀ ਹੀ ਘਟਨਾ ਦੇ ਵਿਚ ਪੰਜਾਬੀ ਨੌਜਵਾਨ ਸੰਦੀਪ ਸਿੰਘ ਗਿੱਲ ਪਿੰਡ ਡਾਂਗੀਆਂ ਨੇ ਬੀਤੇ ਦਿਨੀਂ ਇਕ ਔਰਤ ਦੀ ਜਾਨ ਬਚਾ ਲਈ ਜੋ ਕਿ ਚੰਦ ਸਕਿੰਟਾਂ ਦੇ ਵਿਚ ਆਤਮਹੱਤਿਆ ਰਾਹੀਂ ਮੌਤ ਨੂੰ ਗਲੇ ਲਗਾਉਣ ਜਾ ਰਹੀ ਸੀ।

ਇਹ ਨੌਜਵਾਨ ਬੀਤੇ ਦਿਨੀਂ ਆਪਣੇ ਕੰਮ ਤੋਂ ਵਾਪਿਸ ਘਰ ਪਰਤ ਰਿਹਾ ਸੀ, ਸਮਾਂ ਰਾਤ 2.45 ਦੇ ਕਰੀਬ ਸੀ। ਈਸਟ ਟਮਾਕੀ ਮੋਟਰਵੇਅ ਬ੍ਰਿਜ ਉਤੋਂ ਜਦੋਂ ਇਹ ਨੌਜਵਾਨ ਆਪਣੀ ਕਾਰ ਵਿਚ ਲੰਘਿਆ ਤਾਂ ਇਕ ਔਰਤ ਪੁੱਲ ਉਤੇ ਸ਼ਰਾਬ ਪੀ ਰਹੀ ਸੀ। ਸ਼ਰਾਬਣ ਸਮਝ ਕੇ ਉਸਨੇ ਇਸਨੂੰ ਹਊ ਪਰ੍ਹੇ ਕਰ ਕੇ ਲੰਘਣ ਦਾ ਮੰਨ ਬਣਾਇਆ। ਪਰ ਜਦੋਂ ਉਸ ਤੋਂ ਅੱਗੇ ਲੰਘਣ ਹੀ ਲੱਗਾ ਸੀ ਤਾਂ ਉਸਦੀ ਨਜ਼ਰ ਪੈ ਗਈ ਕਿ ਉਹ ਪੁੱਲ ਦੇ ਉਤੋਂ ਦੀ ਛਾਲ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ।

ਇਸ ਨੌਜਵਾਨ ਨੇ ਤੁਰੰਤ ਆਪਣੀ ਕਾਰ ਰੋਕ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਤਾਂ ਉਸਨੇ ਬੀਅਰ ਦੀ ਬੋਤਲ ਇਸ ਵੱਲ੍ਹ ਵਗਾਹ ਮਾਰਨ ਦੀ ਕੋਸ਼ਿਸ਼ ਕੀਤੀ ਜੋ ਕਿ ਉਸਦੇ ਹੱਥ ਵਿਚੋਂ ਛੁੱਟ ਗਈ। ਇਸ ਨੌਜਵਾਨ ਦਾ ਬਚਾਅ ਹੋ ਗਿਆ ਪਰ ਇਸਨੇ ਉਸ ਔਰਤ ਦੀ ਜਾਨ ਬਚਾਉਣ ਖਾਤਿਰ ਉਸ ਤੱਕ ਫਿਰ ਪਹੁੰਚ ਬਣਾਈ ਅਤੇ ਉਸਨੂੰ ਛਾਲ ਮਾਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਉਸ ਔਰਤ ਨੇ ਇਸ ਨੌਜਵਾਨ ਨੂੰ ਹੀ ਕੁੱਟਣਾ-ਮਾਰਨਾ ਸ਼ੁਰੂ ਕਰ ਦਿੱਤਾ ਪਰ ਇਸ ਦੌਰਾਨ ਲੰਘਣ ਵਾਲੀ ਕੋਈ ਵੀ ਕਾਰ ਨਾ ਰੁਕੀ।

ਇਹ ਨੌਜਵਾਨ ਸੜਕ ਉਤੇ ਲੋਕਾਂ ਨੂੰ ਆਵਾਜਾਂ ਮਾਰਨ ਲੱਗਾ ਕਿ ਕੋਈ ਮਦਦ ਕਰੇ, ਐਨੇ ਨੂੰ ਇਕ ਕਾਰ ਰੁਕੀ ਉਸਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਇਸ ਤੋਂ ਬਾਅਦ ਦੋ ਕਾਰਾਂ ਹੋਰ ਰੁਕ ਗਈਆਂ ਤੇ ਮਦਦ ਵਾਸਤੇ ਆਏ। ਕੁਝ ਸਮੇ ਬਾਅਦ ਪੁਲਿਸ ਵੀ ਆ ਗਈ। ਸਾਰਾ ਕੁਝ ਜਦੋਂ ਉਸ ਔਰਤ ਨੂੰ ਸਮਝ ਪਿਆ ਤਾਂ ਉਸ ਨੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਇਸ ਮੁੰਡੇ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਜਿਸ ਤੋਂ ਬਾਅਦ ਸੰਦੀਪ ਦੀਆਂ ਅੱਖਾਂ ਵਿਚੋਂ ਵੀ ਹੰਝੂ ਟਪਕ ਤੁਰੇ। ਇਹ ਔਰਤ ਕੁਝ ਘਰੇਲੂ ਕਾਰਨਾ ਕਰਕੇ ਪ੍ਰੇਸ਼ਾਨ ਚੱਲ ਰਹੀ ਸੀ ਅਤੇ ਆਪਣੀ ਸਵਰਗੀ ਭੈਣ ਨੂੰ ਯਾਦ ਕਰ ਰਹੀ ਸੀ। ਪੁਲਿਸ ਨੇ ਸੰਦੀਪ ਸਿੰਘ ਗਿੱਲ ਦੇ ਸਾਹਸ ਦੀ ਕਦਰ ਕੀਤੀ ਹੈ ਅਤੇ ਇਕ ਪੰਜਾਬੀ ਪੁਲਿਸ ਅਫਸਰ ਰਹੇ ਨੌਜਵਾਨ ਨੇ ਵੀ ਪੁਲਿਸ ਨਾਲ ਇਸ ਘਟਨਾ ਸਬੰਧੀ ਰਾਬਤਾ ਬਣਾਇਆ ਹੈ ਤਾਂ ਕਿ ਇਸ ਤਰ੍ਹਾਂ ਦੇ ਮੌਕਿਆਂ ਉਤੇ ਕਿਸੇ ਦੀ ਜਾਨ ਬਚਾਉਣ ਵਾਲੇ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ।