Friday , December 9 2022

ਲੋਕਾਂ ਦਾ ਇਲਾਜ ਕਰਨ ਵਾਲੇ ਰਾਮਦੇਵ ਦੇ ਗੋਡਿਆਂ ਦਾ ਲੰਡਨ ‘ਚ ਹੋਇਆ ਆਪ੍ਰੇਸ਼ਨ ?

ਇੱਕ ਖਬਰ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਫੈਲ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਬਾ ਰਾਮਦੇਵ ਗੋਡਿਆਂ ਦੇ ਇਲਾਜ ਲਈ ਲੰਡਨ ਰਵਾਨਾ ਹੋ ਗਏ ਹਨ। ਉੱਥੇ ਹੀ ਉਹ ਆਪਣੀ ਸਰਜਰੀ ਕਰਵਾਉਣਗੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਮਦੇਵ ਦੇਸੀ ਚੀਜ਼ਾਂ ਦਾ ਇੰਨਾ ਪ੍ਰਚਾਰ ਕਰਦੇ ਹਨ ਪਰ ਆਪਣੇ ਇਲਾਜ ਲਈ ਲੰਡਨ ਜਾ ਰਹੇ ਹਨ।

ਇਸ ਦਾਅਵੇ ‘ਤੇ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਸਵਾਲ ਹੈ ਕਿ ਘਰੇਲੂ ਚੀਜ਼ਾਂ ਦਾ ਇੰਨਾ ਪ੍ਰਚਾਰ ਕਰਨ ਵਾਲੇ ਬਾਬਾ ਰਾਮਦੇਵ ਨੂੰ ਆਪਣੇ ਇਲਾਜ ਲਈ ਲੰਦਨ ਕਿਉਂ ਜਾਣਾ ਪੈ ਰਿਹਾ ਹੈ। ‘ਏਬੀਪੀ ਨਿਊਜ਼’ ਨੇ ਇਨ੍ਹਾਂ ਦਾਅਵਿਆਂ ਦੀ ਪੜਤਾਲ ਕੀਤੀ।

ਇਸ ਬਾਰੇ ਜਾਂਚ ਅੱਗੇ ਵਧਾਉਂਦਿਆਂ ਜਦੋਂ ਅਸੀਂ ਬਾਬਾ ਰਾਮਦੇਵ ਦਾ ਟਵਿੱਟਰ ਅਕਾਉਂਟ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਬਾਬਾ ਰਾਮਦੇਵ ਵੱਲੋਂ 2 ਮਈ ਨੂੰ ਟਵੀਟ ਕੀਤਾ ਗਿਆ ਕਿ ਉਨ੍ਹਾਂ ਵੱਲੋਂ ਇੱਕ ਤੋਂ 5 ਮਈ ਤੱਕ ਨੇਪਾਲ ਵਿੱਚ ਯੋਗ ਕੈਂਪ ਲਾਇਆ ਜਾ ਰਿਹਾ ਹੈ।

ਇਸ ਕੈਂਪ ਦੀਆਂ ਤਸਵੀਰਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਬਾਬਾ ਰਾਮਦੇਵ ਖੁਦ ਇਸ ਕੈਂਪ ਵਿੱਚ ਯੋਗਾ ਕਰਵਾ ਰਹੇ ਹਨ। ਇਸ ਬਾਰੇ ਬਾਬਾ ਰਾਮਦੇਵ ਦੇ ਬੁਲਾਰੇ ਨੇ ਵੀ ਟਵੀਟ ਕੀਤਾ ਕਿ ਬਾਬਾ ਰਾਮਦੇਵ ਪੂਰੀ ਤਰ੍ਹਾਂ ਠੀਕ ਹਨ। ਉਹ ਸਰਜਰੀ ਕਰਵਾਉਣ ਲੰਡਨ ਨਹੀਂ ਜਾ ਰਹੇ।