Saturday , December 3 2022

ਮੰਮੀ ਮੇਰੇ ਪੇਟ ਚ ਦਰਦ ਹੋ ਰਿਹਾ ਕਹਿਣ ਤੇ ਪਤਾ ਲੱਗਿਆ ਸੀ ਘਰਦਿਆਂ ਨੂੰ ਅਤੇ ਹੁਣ …..

ਚੰਡੀਗੜ੍ਹ: ਦੋ ਮਾਮਿਆਂ ਵੱਲੋਂ ਬਲਾਤਕਾਰ ਦਾ ਸ਼ਿਕਾਰ ਹੋਈ ਚੰਡੀਗੜ੍ਹ ਦੀ 10 ਸਾਲਾ ਬਾਲੜੀ ਨੂੰ ਅਦਾਲਤ ਨੇ ਅੱਜ ਇਨਸਾਫ ਸੁਣਾਉਂਦਿਆਂ ਉਸ ਦੇ ਦੋਵਾਂ ਮਾਮਿਆਂ ਨੂੰ ਮੌਤ ਤਕ ਉਮਰ ਕੈਦ ਤੇ 3-3 ਲੱਖ ਰੁਪਏ ਜ਼ੁਰਮਾਨਾ ਤੇ 5000 ਰੁਪਏ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਦੇ ਹੁਕਮ ਸੁਣਾਏ ਹਨ।

ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਸੀ ਜਦੋਂ ਪੀੜਤਾ ਆਪਣੀ ਮਾਂ ਨਾਲ ਜੁਲਾਈ ਵਿੱਚ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਡਾਕਟਰੀ ਚੈਕਅੱਪ ਲਈ ਗਈ ਸੀ। ਉਸ ਸਮੇਂ ਡਾਕਟਰਾਂ ਨੇ ਉਸ ਨੂੰ 30 ਹਫ਼ਤਿਆਂ ਦੀ ਗਰਭਵਤੀ ਐਲਾਨ ਦਿੱਤਾ ਸੀ। ਪੀੜਤ ਲੜਕੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਉਸ ਦੇ ਮਾਮੇ ਨੂੰ ਗ੍ਰਿਫਤਾਰ ਕਰ ਲਿਆ ਤੇ ਬਲਾਤਕਾਰ ਦਾ ਮਾਮਲਾ ਸ਼ੁਰੂ ਕਰ ਦਿੱਤਾ ਗਿਆ।

ਧੀ ਦੇ ਗਰਭਵਤੀ ਹੋਣ ਦਾ ਪਤਾ ਲੱਗਣ ‘ਤੇ ਮਾਪਿਆਂ ਨੇ ਸਥਾਨਕ ਅਦਾਲਤਾਂ ਤੋਂ ਲੈ ਕੇ ਸੁਪਰੀਮ ਕੋਰਟ ਤਕ ਉਸ ਦਾ ਗਰਭਪਾਤ ਕਰਵਾਉਣ ਦੀ ਇਜਾਜ਼ਤ ਦੀ ਮੰਗ ਕੀਤੀ ਸੀ, ਪਰ ਅਦਾਲਤਾਂ ਨੇ ਉਨ੍ਹਾਂ ਦੀ ਅਪੀਲ ਰੱਦ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਭਾਰਤ ਦੇ ਸੰਵਿਧਾਨ ਮੁਤਾਬਕ ਸਿਰਫ 20 ਹਫ਼ਤਿਆਂ ਤੋਂ ਘੱਟ ਸਮੇਂ ਦੀ ਗਰਭਵਤੀ ਔਰਤ ਨੂੰ ਹੀ ਗਰਭਪਾਤ ਕਰਵਾਉਣ ਦੀ ਇਜਾਜ਼ਤ ਹੈ। ਇਸ ਤੋਂ ਬਾਅਦ ਪੀੜਤਾ ਨੇ 17 ਅਗਸਤ 2017 ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ ਸੀ, ਜਿਸ ਨੂੰ ਗੋਦ ਲੈਣ ਲਈ ਭੇਜ ਦਿੱਤਾ ਗਿਆ ਸੀ।

ਪੀੜਤਾ ਦੇ ਬਿਆਨਾਂ ਮੁਤਾਬਕ ਉਸ ਨੂੰ ਉਸ ਨਾਲ 2016 ਤੇ ਕ੍ਰਿਸਮਸ ਤੋਂ ਲੈ ਕੇ ਅਪ੍ਰੈਲ 2017 ਤਕ ਬਲਾਤਕਾਰ ਕੀਤਾ ਗਿਆ ਸੀ ਤੇ ਉਸ ਦੇ ਛੋਟੇ ਮਾਮੇ ਨੇ ਉਸ ਨੂੰ ਗਰਭਵਤੀ ਕੀਤਾ ਸੀ। ਹਾਲਾਂਕਿ, ਪੀੜਤਾ ਦੇ ਵੱਡੇ ਮਾਮੇ ਨੇ ਪੀੜਤਾ ਦੇ ਪਿਤਾ ‘ਤੇ ਉਸ ਦੀ ਛੋਟੀ ਬੱਚੀ ਦਾ ਸ਼ੋਸ਼ਣ ਦੇ ਇਲਜ਼ਾਮ ਵੀ ਲਾਏ ਸਨ। ਇਸ ਕੇਸ ਦਾ ਇੱਕ ਹੋਰ ਹੈਰਾਨਕੁੰਨ ਪੱਖ ਇਹ ਵੀ ਹੈ ਕਿ ਬੀਤੀ 11 ਸਤੰਬਰ ਨੂੰ ਪੀੜਤਾ ਵੱਲੋਂ ਜਨਮੀ ਬੱਚੀ ਦੇ ਡੀ.ਐਨ.ਏ. ਦਾ ਉਸ ਦੇ ਮਾਮੇ ਨਾਲ ਮਿਲਾਨ ਨਾ ਹੋਣ ਦਾ ਖੁਲਾਸਾ ਹੋਇਆ ਸੀ।

ਦੋਵਾਂ ਮੁਲਜ਼ਮਾਂ ਨੂੰ 2 ਦਿਨ ਪਹਿਲਾਂ ਅਦਾਲਤ ਨੇ ਬਲਾਤਕਾਰ ਦਾ ਦੋਸ਼ ਠਹਿਰਾ ਦਿੱਤਾ ਸੀ। ਇਸ ਸਭ ਤੋਂ ਬਾਅਦ ਅੱਜ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦਿਆਂ ਦੋਸ਼ੀ ਮਾਮਿਆਂ ਨੂੰ ਉਮਰ ਕੈਦ ਤੇ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।