Thursday , May 26 2022

ਮੌਸਮ ਵਿਭਾਗ ਵੱਲੋਂ ਤੂਫ਼ਾਨ ਦੀ ਚੇਤਾਵਨੀ !

ਚੰਡੀਗੜ੍ਹ: ਗ੍ਰਹਿ ਮੰਤਰਾਲੇ ਨੇ ਅੱਜ ਪੱਛਮੀ ਬੰਗਾਲ, ਉੜੀਸਾ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਤੂਫਾਨ ਬਾਰੇ ਤਾਜ਼ਾ ਚੇਤਾਵਨੀ ਜਾਰੀ ਕੀਤੀ ਹੈ। ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪਿਛਲੇ ਦੋ ਦਿਨਾਂ ਵਿੱਚ ਤੂਫਾਨ ਅਤੇ ਬਿਜਲੀ ਕਾਰਨ 124 ਲੋਕ ਮਾਰੇ ਗਏ ਅਤੇ 300 ਤੋਂ ਜ਼ਿਆਦਾ ਜ਼ਖਮੀ ਹੋਏ ਹਨ। ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਹਾਦਸੇ ਹੋਏ ਹਨ, ਜਿੱਥੇ 73 ਜਣਿਆਂ ਦੀ ਮੋਤ ਹੋ ਗਈ ਅਤੇ 91 ਹੋਰ ਜ਼ਖਮੀ ਹੋ ਗਏ।

ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਜ਼ਿਆਦਾਤਰ ਮੌਤਾਂ ਅਤੇ ਫੱਟੜ ਸੂਬੇ ਦੇ ਆਗਰਾ ਖੇਤਰ ਵਿੱਚ ਹੋਏ ਹਨ। ਰਾਜਸਥਾਨ ਵਿੱਚ 35 ਲੋਕ ਮਾਰੇ ਗਏ ਅਤੇ 206 ਜ਼ਖਮੀ ਹੋਏ, ਜਦੋਂ ਕਿ ਤੇਲੰਗਾਨਾ ਵਿੱਚ ਅੱਠ ਜਣਿਆਂ ਦੀ ਮੌਤ ਹੋ ਗਈ। ਉਤਰਾਖੰਡ ਵਿੱਚ ਛੇ ਅਤੇ ਪੰਜਾਬ ਵਿੱਚ ਦੋ ਜਣੇ ਮਾਰੇ ਗਏ। ਤੇਲੰਗਾਨਾ, ਉਤਰਾਖੰਡ ਅਤੇ ਪੰਜਾਬ ਵਿੱਚ ਲਗਪਗ 100 ਜਣੇ ਜ਼ਖ਼ਮੀ ਹੋਏ ਹਨ।


ਤੂਫਾਨ ਨਾਲ ਦਰੱਖਤਾਂ ਦੇ ਪੁੱਟੇ ਜਾਣ ਬਾਅਦ ਅਤੇ ਬਿਜਲੀ ਦੀਆਂ ਤਾਰਾਂ ਦੇ ਆਪਸ ‘ਟ ਭਿੜਨ ਬਾਅਦ ਕਈ ਖੇਤਰਾਂ ਵਿਚ ਬਿਜਲੀ ਦੀ ਸਪਲਾਈ ਕੱਟ ਦਿੱਤੀ ਗਈ। ਪਿਛਲੇ ਦੋ ਦਿਨਾਂ ‘ਚ ਪ੍ਰਭਾਵਤ ਸੂਬਿਆਂ ਵਿੱਚ ਘੱਟ ਤੋਂ ਘੱਟ 12 ਹਜ਼ਾਰ ਬਿਜਲੀ ਦੇ ਖੰਭੇ ਪੁੱਟੇ ਗਏ ਅਤੇ 2,500 ਟ੍ਰਾਂਸਫਾਰਮਰਾਂ ਨੂੰ ਨੁਕਸਾਨ ਪਹੁੰਚਿਆ।


ਗ੍ਰਹਿ ਮੰਤਰਾਲੇ ਮੁਤਾਬਕ ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਦੇ ਵੱਖ-ਵੱਖ ਸਥਾਨਾਂ ‘ਤੇ ਭਾਰੀ ਤੂਫ਼ਾਨ ਦੀ ਸੰਭਾਵਨਾ ਹੈ। ਜੰਮੂ ਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ, ਪੰਜਾਬ, ਬਿਹਾਰ, ਝਾਰਖੰਡ, ਸਿੱਕਮ, ਉੜੀਸਾ, ਉੱਤਰੀ ਪੱਛਮੀ ਮੱਧ ਪ੍ਰਦੇਸ਼, ਤੇਲੰਗਾਨਾ,

ਉੱਤਰੀ ਤੱਟਵਰਤੀ ਆਂਧਰਾ ਪ੍ਰਦੇਸ਼, ਅੰਦਰੂਨੀ ਤਾਮਿਲਨਾਡੂ ਅਤੇ ਕੇਰਲਾ ਦੇ ਵੱਖ-ਵੱਖ ਸਥਾਨਾਂ ‘ਤੇ ਵੀ ਤੂਫ਼ਾਨ ਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ। ਤਾਮਿਲਨਾਡੂ ਅਤੇ ਕੇਰਲਾ ‘ਚ ਭਾਰੀ ਬਾਰਸ਼ ਜਦੋਂ ਕਿ ਰਾਜਸਥਾਨ ਦੇ ਵੱਖ-ਵੱਖ ਸਥਾਨਾਂ ‘ਤੇ ਤੂਫਾਨ ਆਉਣ ਦੀ ਸੰਭਾਵਨਾ ਹੈ।