Saturday , August 13 2022

ਪੰਜਾਬ ਚ ਬਿਜਲੀ ਦੇ ਬਿੱਲਾਂ ਨੂੰ ਘਟਵਾਉਣ ਨੂੰ ਲੈ ਕੇ ਹੋਇਆ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਹੱਦੋਂ ਵੱਧ ਮਹਿੰਗੀ ਬਿਜਲੀ ਅਤੇ ਲੌਕਡਾਊਨ ਦੌਰਾਨ ਥੋਪੇ ਜਾ ਰਹੇ ਬਿੱਲਾਂ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਪੰਜਾਬ 18 ਤੇ 19 ਜੂਨ ਨੂੰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦਾ ਘਿਰਾਓ ਕਰੇਗੀ ਜਿਸ ‘ਚ ਲੌਕਡਾਊਨ ਦੌਰਾਨ ਬਿੱਲਾਂ ‘ਚ ਛੋਟ ਦੇਣ ਲਈ ਮੰਗ ਪੱਤਰ ਸੌਂਪੇਗੀ। ਇਹ ਐਲਾਨ ਚੰਡੀਗੜ੍ਹ ‘ਚ ਪਾਰਟੀ ਦੇ ਟਰੇਡ ਤੇ ਇੰਡਸਟਰੀਜ਼ ਵਿੰਗ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਪਾਰਟੀ ਦੇ ਵਿਧਾਇਕ ਤੇ ਬਿਜਲੀ ਮੋਰਚੇ ਦੇ ਇੰਚਾਰਜ ਮੀਤ ਹੇਅਰ ਨੇ ਕੀਤਾ।

ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਮੀਤ ਹੇਅਰ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਲੌਕਡਾਊਨ ਅਤੇ ਕਰਫ਼ਿਊ ਦੀ ਸਥਿਤੀ ਵਿੱਚ ਤਿੰਨ ਮਹੀਨਿਆਂ ਤੋਂ ਬੰਦ ਪਏ ਰੁਜ਼ਗਾਰ ਅਤੇ ਆਰਥਿਕ ਮੰਦੀ ਦਾ ਸ਼ਿਕਾਰ ਹੋਈ ਆਮ ਜਨਤਾ ਨੂੰ ਮੋਟੇ ਬਿਜਲੀ ਬਿੱਲ ਭੇਜ ਕੇ ਸ਼ਰੇਆਮ ਲੁੱਟ ਮਚਾਈ ਗਈ ਹੈ। ਜਿਸ ਦੇ ਖ਼ਿਲਾਫ਼ ਆਮ ਆਦਮੀ ਪਾਰਟੀ 18 ਅਤੇ 19 ਜੂਨ ਨੂੰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦਾ ਘਿਰਾਓ ਕਰੇਗੀ।

ਨੀਨਾ ਮਿੱਤਲ ਅਤੇ ਅਨਿਲ ਠਾਕੁਰ ਨੇ ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਵੀ ਕਰਫ਼ਿਊ ਦੀ ਮਾਰ ਝੱਲ ਰਹੇ ਮੱਧਮ ਅਤੇ ਵਪਾਰੀ ਵਰਗ ਇੰਡਸਟਰੀ ਲਈ ਕੋਈ ਰਾਹਤ ਪੈਕੇਜ ਜਾਰੀ ਨਹੀਂ ਕੀਤਾ। ਜਿਸ ਕਾਰਨ ਅੱਜ ਸੂਬੇ ਭਰ ਵਿੱਚ ਵਪਾਰ ਬੰਦ ਹੋਣ ਦੇ ਕਿਨਾਰੇ ਹਨ।

‘ਆਪ’ ਆਗੂਆਂ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਆਮ ਲੋਕਾਂ ਦੇ ਭੇਜੇ ਗਏ ਪਿਛਲੇ ਤਿੰਨ ਮਹੀਨਿਆਂ ਦੇ ਬਿਜਲੀ ਬਿੱਲ ਮੁਆਫ਼ ਕੀਤੇ ਜਾਣ, ਪ੍ਰਾਪਰਟੀ ਟੈਕਸ, ਸੀਵਰੇਜ ਬਿੱਲ, ਬੈਂਕਾਂ ਦੇ ਵੱਖ-ਵੱਖ ਲੋਨ ਦੀਆਂ ਕਿਸ਼ਤਾਂ ਸਮੇਤ ਹੋਰ ਟੈਕਸਾਂ ਤੋਂ ਜਨਤਾ ਨੂੰ ਰਾਹਤ ਦਿੱਤੀ ਜਾਵੇ ਤਾਂ ਜੋ ਬੰਦ ਪਏ ਵਪਾਰ ਨੂੰ ਮੁੜ ਤੋਂ ਸ਼ੁਰੂ ਕੀਤਾ ਜਾਵੇ ਅਤੇ ਦੇਸ਼ ਦੀ ਆਰਥਿਕਤਾ ਨੂੰ ਬਚਾਇਆ ਜਾਵੇ।

ਆਗੂਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਲੋਕ ਹਿੱਤ ਮੁੱਦਿਆਂ ‘ਤੇ ਕੈਪਟਨ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਉਦੋਂ ਤਕ ਕਰੇਗੀ ਜਦੋਂ ਤੱਕ ਕੈਪਟਨ ਸਰਕਾਰ ਲੋਕਾਂ ਦੀਆਂ ਮੰਗਾਂ ਪੂਰੀ ਨਹੀਂ ਕਰਦੀ।