Saturday , October 1 2022

ਦੇਖੋ ਕਿਊ ਭੱਜਣਾ ਪਿਆ ਬਰਾਤੀਆਂ ਨੂੰ..

ਮੁੱਦਕੀ(ਜ. ਬ.)-ਦੂਸਰੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਹੀ ਤੀਜਾ ਵਿਆਹ ਕਰਵਾਉਣ ਆਏ ਲਾੜੇ ਅਤੇ ਕੁਝ ਖਾਸ ਬਾਰਾਤੀਆਂ ਦੀ ਲੜਕੀ ਵਾਲਿਆਂ ਨੇ ਖੂਬ ‘ਖਾਤਿਰਦਾਰੀ’ ਕੀਤੀ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਿੰਡ ਮਲੋਟ ਤਹਿਸੀਲ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਸਵਰਨਜੀਤ ਕੌਰ ਪੁੱਤਰੀ ਗੁਰਨਾਮ ਸਿੰਘ ਨੇ ਪੁਲਸ ਚੌਕੀ ਮੁੱਦਕੀ ‘ਚ ਸ਼ਿਕਾਇਤ ਕੀਤੀ ਕਿ ਉਸ ਦਾ ਵਿਆਹ 27 ਅਪ੍ਰ੍ਰੈਲ 2015 ਨੂੰ

ਮਨਦੀਪ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਈਨਾ ਖੇੜਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨਾਲ ਹੋਇਆ ਸੀ ਪਰ ਵਿਆਹ ਉਪਰੰਤ ਪੈਦਾ ਹੋਏ ਵਿਵਾਦਾਂ ਕਾਰਨ ਉਹ ਆਪਣੇ ਮਾਪਿਆਂ ਕੋਲ ਹੀ ਰਹਿ ਰਹੀ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਤਲਾਕ ਦਿੱਤੇ ਬਿਨਾਂ ਹੀ ਅੱਜ ਮੁੱਦਕੀ ਦੇ ਬਰਾੜ ਪੈਲੇਸ ਵਿਖੇ ਇਕ ਹੋਰ ਵਿਆਹ ਕਰਵਾ ਰਿਹਾ ਹੈ।

ਸਵਰਨਜੀਤ ਕੌਰ ਨੇ ਸਬੂਤ ਵਜੋਂ ਗੁਰਦੁਆਰਾ ਸਾਹਿਬ ਵਿਖੇ ਹੋਏ ਆਨੰਦ ਕਾਰਜਾਂ ਦਾ ਸਰਟੀਫਿਕੇਟ ਵੀ ਪੁਲਸ ਨੂੰ ਪੇਸ਼ ਕੀਤਾ। ਗੱਲ ਪੁਲਸ ਚੌਕੀ ਤੋਂ ਨਿਕਲੀ ਤਾਂ ਇਸ ਦੀ ਭਿਣਕ ਨਜ਼ਦੀਕੀ ਪਿੰਡ ਮੰਡਵਾਲਾ (ਫਰੀਦਕੋਟ) ਦੇ ਉਨ੍ਹਾਂ ਮਾਪਿਆਂ ਤੱਕ ਵੀ ਜਾ ਪਹੁੰਚੀ ਜਿਨ੍ਹਾਂ ਦੀ ਧੀ ਨੂੰ ਉਕਤ ਲਾੜਾ ਵਿਆਹੁਣ ਆ ਰਿਹਾ ਸੀ। ਬੱਸ ਫਿਰ ਕੀ ਸੀ ਜਿਵੇਂ ਹੀ ਲਾੜਾ ਤੇ ਬਰਾਤੀ ਪੈਲੇਸ ‘ਚ ਪਹੁੰਚੇ ਤਾਂ ਨਵੇਂ ਕੁੜਮਾਂ ਵੱਲੋਂ ਲਾੜਾ ਸਾਹਿਬ ਤੇ ਕੁਝ ਖਾਸ ਬਾਰਾਤੀਆਂ ਦੀ ਚੰਗੀ ‘ਖਾਤਰਦਾਰੀ’ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਮਾਮਲੇ ਦੀ ਸ਼ਿਕਾਇਤ ਪਹਿਲਾਂ ਤੋਂ ਹੀ ਪੁਲਸ ਕੋਲ ਪਹੁੰਚੀ ਹੋਈ ਸੀ।

ਪੁਲਸ ਨੇ ਲਾੜੇ ਅਤੇ ਕੁਝ ਬਾਰਾਤੀਆਂ ਨੂੰ ਆਪਣੀ ਹਿਰਾਸਤ ‘ਚ ਲੈ ਲਿਆ ਹੈ। ਜਦੋਂ ਮਾਮਲੇ ਦੀ ਹੋਰ ਪੜਤਾਲ ਹੋਈ ਤਾਂ ਸਾਹਮਣੇ ਆਇਆ ਕਿ ਲਾੜਾ ਸਾਹਿਬ ਅੱਜ ਤੀਜਾ ਵਿਆਹ ਕਰਵਾਉਣ ਆਏ ਸਨ ਜਦਕਿ ਸ਼ਿਕਾਇਤਕਰਤਾ ਸਵਰਨਜੀਤ ਕੌਰ ਨਾਲ ਪਹਿਲਾਂ ਵੀ ਉਹ ਵਿਆਹ ਕਰਵਾ ਚੁੱਕਾ ਹੈ। ਮਾਮਲੇ ਸਬੰਧੀ ਥਾਣਾ ਘੱਲ ਖੁਰਦ ਦੇ ਇੰਚਾਰਜ ਹਰਦੇਵਪ੍ਰੀਤ ਸਿੰਘ ਤੇ ਪੁਲਸ ਚੌਕੀ ਮੁੱਦਕੀ ਦੇ ਇੰਚਾਰਜ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਪੂਰੀ ਪੜਤਾਲ ਤੋਂ ਬਾਅਦ ਲਾੜੇ ਸਣੇ 8 ਵਿਅਕਤੀਆਂ ਖਿਲਾਫ ਥਾਣਾ ਘੱਲਖੁਰਦ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਘਟਨਾ ਦੀ ਅੱਜ ਇਲਾਕੇ ‘ਚ ਖੂਬ ਚਰਚਾ ਰਹੀ।