Sunday , September 25 2022

ਤੁਹਾਡੇ ਸਿਮ ਕਾਰਡ ਤੇ ਆਧਾਰ ਕਾਰਡ ਨਾਲ ਇਸ ਤਰ੍ਹਾ ਕੱਢੇ ਜਾ ਰਹੇ ਨੇ ਬੈਂਕ ਖਾਤੇ ‘ਚੋਂ ਪੈਸੇ !!

ਜੇਕਰ ਤੁਸੀਂ ਵੀ ਆਪਣੇ ਸ਼ਹਿਰ, ਮੁਹੱਲੇ ਜਾਂ ਕਸਬੇ ਵਿੱਚ ਸੜਕ ਕਿਨਾਰੇ ਲੱਗੀਆਂ ਫੜ੍ਹੀਆਂ ਤੋਂ ਮੋਬਾਇਲ ਦੇ ਸਿਮ ਕਾਰਡ ਖਰੀਦਦੇ ਹੋ ਤਾਂ ਸਾਵਧਾਨ ਹੋ ਜਾਓ। ਅਜਿਹਾ ਕਰਨ ਨਾਲ ਤੁਹਾਨੂੰ ਵੱਡਾ ਚੂਨਾ ਲੱਗ ਸਕਦਾ ਹੈ। ਤੁਹਾਡੇ ਆਧਾਰ ਕਾਰਡ ਅਤੇ ਫਿੰਗਰਪ੍ਰਿੰਟ ਦਾ ਇਸਤੇਮਾਲ ਤੁਹਾਨੂੰ ਹੀ ਚੂਨਾ ਲਗਾਉਣ ਵਿੱਚ ਕੀਤਾ ਜਾ ਸਕਦਾ ਹੈ।ਮੋਬਾਇਲ ਉੱਤੇ ਆਧਾਰ ਕਾਰਡ ਨੰਬਰ ਅਤੇ ਅਕਾਉਂਟ ਨੰਬਰ ਜਾਣ ਕੇ ਬੈਂਕ ਖਾਤੇ ਤੋਂ ਪੈਸਾ ਉਡਾਉਣ ਦਾ ਹਥਕੰਡਾ ਪੁਰਾਣਾ ਹੋ ਗਿਆ ਹੈ। ਕਾਨਪੁਰ ਵਿੱਚ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ ਜੋ ਨਵਾਂ ਸਿਮ ਵੇਚਣ ਦੇ ਬਹਾਨੇ ਲੋਕਾਂ ਦਾ ਆਧਾਰ ਕਾਰਡ ਨੰਬਰ ਅਤੇ ਫਿੰਗਰ ਪ੍ਰਿੰਟ ਲੈ ਕੇ ਉਨ੍ਹਾਂ ਦੀ ਰਕਮ ਉੱਤੇ ਡਾਕਾ ਮਾਰ ਰਿਹਾ ਸੀ। ਗਿਰੋਹ ਦੇ ਦੋ ਮੈਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 22 ਮੋਬਾਇਲ ਫੋਨ ਅਤੇ 1500 ਸਿਮਕਾਰਡ ਜਬਤ ਕੀਤੇ ਗਏ ਹਨ। ਬੀਤੇ ਇੱਕ ਸਾਲ ਵਿੱਚ ਇਸ ਗਰੋਹ ਨੇ ਤਿੰਨ ਹਜਾਰ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਹੈ।ਪੁਲਿਸ ਨੇ ਵੀਰਵਾਰ ਨੂੰ ਮੰਸਾਰ ਖਾਨ ਅਤੇ ਨਫੀਸ ਆਲਮ ਨੂੰ ਗ੍ਰਿਫਤਾਰ ਕਰਕੇ ਇਸ ਗਿਰੋਹ ਦੀਆਂ ਕਾਰਗੁਜਾਰੀਆਂ ਦਾ ਖੁਲਾਸਾ ਕੀਤਾ ਹੈ। ਐਸਐਸਪੀ ਅਖਿਲੇਸ਼ ਕੁਮਾਰ ਦੇ ਮੁਤਾਬਕ ਮੰਸਾਰ ਖਾਨ ਨੇ ਇੱਕ ਪ੍ਰਾਈਵੇਟ ਟੈਲੀਕਾਮ ਦੀ ਏਜੰਸੀ ਲਈ ਹੋਈ ਸੀ। ਇਸ ਦੀ ਆੜ ਵਿੱਚ ਮੰਸਾਰ ਅਤੇ ਨਫੀਸ ਵੱਖ-ਵੱਖ ਮੁਹੱਲੀਆਂ ਵਿੱਚ ਜਾਕੇ ਸਿਮ ਕਾਰਡ ਵੇਚਣ ਦੇ ਕਾਊਂਟਰ ਲਗਾਉਂਦੇ ਸਨ।ਲੋਕਾਂ ਨੂੰ ਸਿਮ ਦੇਣ ਦੇ ਬਹਾਨੇ ਉਨ੍ਹਾਂ ਦਾ ਆਧਾਰ ਨੰਬਰ ਅਤੇ ਫਿੰਗਰ ਪ੍ਰਿੰਟ ਲੈ ਕੇ ਰੱਖ ਲੈਂਦੇ ਸਨ। ਫਿਰ ਉਸੇ ਜਾਣਕਾਰੀ ਦੇ ਸਹਾਰੇ ਇਹ ਦੂਜਾ ਸਿਮ ਲੈਂਦੇ ਸਨ। ਨਾਲ ਹੀ ਸਿਮ ਵਾਲੇ ਦਾ ਅਕਾਉਂਟ ਪਤਾ ਕਰਕੇ ਇਨ੍ਹਾਂ ਕਾਗਜਾਤ ਦੇ ਜਰੀਏ ਉਸ ਅਕਾਉਂਟ ਦਾ ਪੇਟੀਐਮ ਬਣਵਾ ਲੈਂਦੇ ਸਨ। ਫਿਰ ਉਸ ਪੇਟੀਐਮ ਅਕਾਉਂਟ ਨਾਲ ਵੱਖ-ਵੱਖ ਸ਼ਹਿਰਾਂ ਵਿੱਚ ਖਰੀਦਾਰੀ ਕਰਕੇ ਮੋਟੀ ਰਕਮ ਬਣਾ ਰਹੇ ਸਨ।ਪੁਲਿਸ ਦੇ ਮੁਤਾਬਿਕ ਇਸ ਗਰੋਹ ਨੇ ਇੱਕ ਸਾਲ ਦੇ ਅੰਦਰ 3000 ਲੋਕਾਂ ਨੂੰ ਸਿਮ ਵੇਚੇ ਹਨ। ਪੁਲਿਸ ਦੇ ਹੱਥ ਹੁਣ ਮੰਸਾਰ ਅਤੇ ਨਫੀਸ ਹੀ ਚੜ੍ਹੇ ਹਨ। ਜਦਕਿ ਗਿਰੋਹ ਦੇ ਬਾਕੀ ਅੱਧਾ ਦਰਜਨ ਮੈਂਬਰ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਮੰਸਾਰ ਅਤੇ ਨਫੀਸ ਦੇ ਕੋਲੋਂ 1500 ਸਿਮ ਕਾਰਡ ਜਬਤ ਹੋਏ ਹਨ। ਦੋਨਾਂ ਦੇ ਮੁਤਾਬਕ ਉਹ 1500 ਤੋਂ ਜ਼ਿਆਦਾ ਸਿਮ ਕਾਰਡ ਨਸ਼ਟ ਕਰ ਚੁੱਕੇ ਹਨ।ਪੁਲਿਸ ਵੱਲੋਂ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਇਨ੍ਹਾਂ ਨੂੰ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ। ਪੁਲਿਸ ਹੁਣ ਇਨ੍ਹਾਂ ਕੋਲੋਂ ਇਨ੍ਹਾਂ ਦੇ ਬਾਕੀ ਸਾਥੀਆਂ ਦੇ ਟਿਕਾਣਿਆਂ ਦੀ ਪੁੱਛਗਿੱਛ ਕਰ ਰਹੀ ਹੈ। ਇਸਦੇ ਨਾਲ ਹੀ ਪੁਲਿਸ ਨੇ ਸਬੰਧਿਤ ਟੈਲੀਕਾਮ ਕੰਪਨੀ ਨੂੰ ਵੀ ਇਨ੍ਹਾਂ ਦੇ ਕਾਲੇ ਕਾਰਨਾਮਿਆਂ ਬਾਰੇ ਸੂਚਨਾ ਦੇ ਦਿੱਤੀ ਹੈ। ਫਿਲਹਾਲ ਪੁਲਿਸ ਇਨ੍ਹਾਂ ਕੋਲੋਂ ਉਨ੍ਹਾਂ ਪੀੜਤਾਂ ਦੀ ਜਾਣਕਾਰੀ ਵੀ ਇਕੱਠੀ ਕਰ ਰਹੀ ਹੈ, ਜਿਨ੍ਹਾਂ ਨੂੰ ਇਨ੍ਹਾਂ ਨੇ ਧੋਖਾਧੜੀ ਦਾ ਸ਼ਿਕਾਰ ਬਣਾਇਆ ਹੈ।