Saturday , September 24 2022

ਤਾਂ ਇਸ ਕਰਕੇ ਬਣ ਰਹੇ ਪੰਜਾਬੀ ਮੁੰਡੇ ਗੈਂਗਸਟਰ

ਲਖਬੀਰ ਸਿੰਘ ਸਰਾਂ ਭਾਰਤੀ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਉਹ ਬਣ ਗਿਆ ਗੈਂਗਸਟਰ ‘ਲੱਖਾ ਸਿਧਾਣਾ’।
ਪੁਲਿਸ ਮੁਤਾਬਕ ਪੰਜਾਬੀ ਨੌਜਵਾਨਾਂ ਵਿੱਚ ਇਹ ਅਕਸਰ ਦੇਖਿਆ ਗਿਆ ਹੈ ਕਿ ਉਹ ਬੰਦੂਕ ਜ਼ਰੀਏ ਨਾਂ ਕਮਾਉਣ ਲਈ ਅਜਿਹੇ ਰਾਹ ‘ਤੇ ਪੈਂਦੇ ਹਨ।
ਬੀਬੀਸੀ ਨੇ ਉਸ ਨਾਲ ਉਸਦੇ ਘਰ ‘ਚ ਮੁਲਾਕਾਤ ਕੀਤੀ।
ਆਪਣੇ ਬੱਚੇ ਨੂੰ ਗੋਦ ਵਿੱਚ ਲੈ ਕੇ 32 ਸਾਲਾ ਲੱਖਾ ਸਿਧਾਣਾ ਨੇ ਕਿਹਾ, “ਮੈਂ ਕਾਲਜ ਵੇਲੇ ਛੋਟੇ ਜੁਰਮ ਕਰਨ ਲੱਗਾ ਸੀ। ਮੈਨੂੰ ਉਸ ਜ਼ਿੰਦਗੀ ਵਿੱਚ ਮਜ਼ਾ ਆ ਰਿਹਾ ਸੀ। ਅਸੀਂ ਮਸ਼ਹੂਰੀ ਤੇ ਤਾਕਤ ਮਿਲਣ ਕਰਕੇ ਕਾਫ਼ੀ ਖੁਸ਼ ਸੀ।”

‘ਸਾਨੂੰ ਇਹ ਚੰਗਾ ਲੱਗ ਰਿਹਾ ਸੀ ਕਿ ਲੋਕ ਸਾਥੋਂ ਡਰਦੇ ਹਨ ਅਤੇ ਅਸੀਂ ਖੁਦ ਨੂੰ ਵੱਧ ਤਾਕਤਵਰ ਮਹਿਸੂਸ ਕਰ ਰਹੇ ਸੀ।”
ਹਰ ਵੇਲੇ ਕਰੜੀ ਸੁਰੱਖਿਆ ਦੀ ਲੋੜ
ਲੱਖਾ ਸਿਧਾਣਾ 2004 ਤੋਂ ਜੇਲ੍ਹ ਦੇ ਅੰਦਰ ਤੇ ਬਾਹਰ ਹੋ ਰਿਹਾ ਹੈ। ਉਸ ‘ਤੇ ਕਤਲ ਦਾ ਇਲਜ਼ਾਮ ਹੈ।
ਫਿਲਹਾਲ ਉਹ ਹਾਈਵੇ ‘ਤੇ ਬੋਰਡਾਂ ‘ਤੇ ਕਾਲਾ ਪੋਚਾ ਫੇਰਨ ਦੀ ਲਹਿਰ ਵਿੱਚ ਸ਼ਮੂਲੀਅਤ ਦੇ ਇਲਜ਼ਾਮਾਂ ਤਹਿਤ ਜੇਲ੍ਹ ਵਿੱਚ ਹੈ।
ਹਾਲ ਵਿੱਚ ਹੀ ਲੱਖਾ ਸਿਧਾਣਾ ‘ਤੇ ਜੇਲ੍ਹ ਤੋਂ ਫੇਸਬੁੱਕ ਲਾਈਵ ਕਰਨ ਦੇ ਇਲਜ਼ਾਮਾਂ ਤਹਿਤ ਪਰਚਾ ਦਰਜ ਹੋਇਆ ਹੈ।

ਬਠਿੰਡਾ ਨੇੜੇ ਸਿਧਾਣਾ ਪਿੰਡ ਵਿੱਚ ਲੱਖਾ ਇੱਕ ਕਿਲ੍ਹਾਨੁਮਾ ਘਰ ਵਿੱਚ ਰਹਿੰਦਾ ਹੈ। ਚਾਰੇ ਪਾਸੇ ਸੀਸੀਟੀਵੀ ਲੱਗੇ ਹਨ। ਉੱਚੀਆਂ ਦੀਵਾਰਾਂ ਖੜ੍ਹੀਆਂ ਕੀਤੀਆਂ ਗਈਆਂ ਹਨ।
ਪੁਲਿਸ ਮੁਤਾਬਕ ਪੰਜਾਬ ਵਿੱਚ ਤਕਰੀਬਨ 15-20 ਗੈਂਗ ਸਰਗਰਮ ਹਨ ਜਿਨ੍ਹਾਂ ਵਿੱਚ ਤਕਰੀਬਨ 300-400 ਗੈਂਗਸਟਰਸ ਸ਼ਾਮਲ ਹਨ।
1980 ਤੇ 1990 ਦੇ ਦਹਾਕੇ ਵਿੱਚ ਪੰਜਾਬ ਵਿੱਚ ਅੱਤਵਾਦ ਦੀ ਸਮੱਸਿਆ ਸੀ ਪਰ ਹੁਣ ਇਹ ਇੱਕ ਨਵੀਂ ਕਿਸਮ ਦੀ ਜੁਰਮ ਦੀ ਲਹਿਰ ਹੈ।
ਸ਼ੋਸ਼ਲ ਮੀਡੀਆ ‘ਤੇ ਕਰਦੇ ਪ੍ਰਚਾਰ
ਪੰਜਾਬ ਵਿੱਚ ਨੌਜਵਾਨ ਕਤਲ, ਫਿਰੌਤੀ ਲਈ ਅਗਵਾ ਕਰਨ ਵਰਗੀਆਂ ਵਾਰਦਾਤਾਂ ਵਿੱਚ ਸ਼ਾਮਲ ਹਨ। ਉਹ ਆਪਣੀਆਂ ਤਸਵੀਰਾਂ ਤੇ ਪੋਸਟ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹਨ।
ਆਪਣੇ ਹਥਿਆਰਾਂ ਨੂੰ ਤਮਗਿਆਂ ਵਾਂਗ ਤੇ ਆਪਣੇ ਜੁਰਮਾਂ ਨੂੰ ਆਪਣੀਆਂ ਉਪਲੱਬਧੀਆਂ ਵਾਂਗ ਪ੍ਰਚਾਰਿਤ ਕਰਦੇ ਹਨ।

ਲੱਖਾ ਗੋਲਡ ਪਲੇਟਿਡ ਘੜੀਆਂ ਤੇ ਸੋਨੇ ਦੇ ਜੇਵਰਾਤ ਦਾ ਸ਼ੌਕੀਨ ਨਹੀਂ ਹੈ। ਉਹ ਜੀਨਸ ਤੇ ਟੀ ਸ਼ਰਟ ਪਾਉਂਦਾ ਹੈ ਪਰ ਉਸਦਾ ਉੱਚਾ ਲੰਬਾ ਕੱਦ ਉਸਦੇ ਰੌਅਬ ਦਾ ਕਾਰਨ ਬਣਦਾ ਹੈ।
ਕਿਉਂ ਹੁੰਦੇ ਹਨ ਨੌਜਵਾਨ ਪ੍ਰਭਾਵਿਤ?
ਰਜਿੰਦਰ ਸਿੰਘ ਜੋ ਇੱਕ ਪੇਸ਼ਵਰ ਹਨ ਦੱਸਦੇ ਹਨ ਕਿ ਆਖ਼ਰ ਕਿਉਂ ਉਹ ਸੋਸ਼ਲ ਮੀਡੀਆ ‘ਤੇ ਅਜਿਹੇ ਲੋਕਾਂ ਨੂੰ ਫੋਲੋ ਕਰਦੇ ਹਨ।
ਰਜਿੰਦਰ ਸਿੰਘ ਨੇ ਕਿਹਾ, “ਮੈਂ ਇਨ੍ਹਾਂ ਗੈਂਗਸਟਰਸ ਦੇ ਕੀਤੇ ਜੁਰਮਾਂ ਦੀ ਹਮਾਇਤ ਨਹੀਂ ਕਰਦਾ ਪਰ ਮੈਨੂੰ ਉਨ੍ਹਾਂ ਦੀ ਫ਼ਿਲਮੀ ਜ਼ਿੰਦਗੀ ਕਾਫ਼ੀ ਪ੍ਰਭਾਵਿਤ ਕਰਦੀ ਹੈ।”

ਯੂਨੀਵਰਸਿਟੀ ਦੀ ਵਿਦਿਆਰਥਣ ਪੂਰਵਾ ਸ਼ਰਮਾ ਗੈਂਗਸਟਰਸ ਨੂੰ ਉਤਸੁਕਤਾ ਵਜੋਂ ਫੋਲੋ ਕਰਦੀ ਹੈ।
ਉਸਨੇ ਕਿਹਾ, “ਉਨ੍ਹਾਂ ਦੀ ਫੇਸਬੁਕ ਪੋਸਟ ਕਾਫ਼ੀ ਰੋਚਕ ਹੁੰਦੀ ਹੈ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕਿਵੇਂ ਉਹ ਆਪਣੀ ਜ਼ਿੰਦਗੀ ਜੀਉਂਦੇ ਹਨ।”
ਇਹ ਇੱਕ ਮੋਹਿਤ ਕਰਨ ਵਾਲਾ ਵਿਸ਼ਾ ਸਾਬਿਤ ਹੁੰਦਾ ਹੈ।
‘ਸਿਆਸੀ ਆਗੂਆਂ ਨੇ ਮੇਰਾ ਇਸਤੇਮਾਲ ਕੀਤਾ’
ਲੱਖਾ ਦਾਅਵਾ ਕਰਦਾ ਹੈ ਕਿ ਉਸਨੇ ਜੁਰਮ ਦੀ ਦੁਨੀਆਂ ਛੱਡ ਦਿੱਤੀ ਹੈ। ਉਹ ਕਹਿੰਦਾ ਹੈ, “ਲੋਕ ਜਦੋਂ ਮੈਨੂੰ ਮਿਲਦੇ ਹਨ, ਕਹਿੰਦੇ ਹਨ ਕਿ ਉਹ ਮੇਰੇ ਦੀਵਾਨੇ ਹਨ। ਉਹ ਮੇਰੇ ਨਾਲ ਤਸਵੀਰਾਂ ਖਿਚਵਾਉਂਦੇ ਹਨ, ਮੇਰਾ ਆਟੋਗਰਾਫ ਲੈਂਦੇ ਹਨ। ਇਸ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ।”
ਉਸਦੇ ਮੁਤਾਬਕ ਗੈਂਗਸਟਰਸ ਨੂੰ ਪੁਲਿਸ ਤੇ ਸਿਆਸੀ ਆਗੂਆਂ ਦੀ ਸ਼ਹਿ ਪ੍ਰਾਪਤ ਹੈ। ਇਸੇ ਕਰਕੇ ਉਨ੍ਹਾਂ ਨੂੰ ਆਪਣੀ ਮਨਮਰਜ਼ੀ ਕਰਨ ਦੀ ਖੁੱਲ੍ਹ ਪ੍ਰਾਪਤ ਹੈ।
ਦੋ ਬੱਚਿਆਂ ਦਾ ਪਿਓ ਲੱਖਾ ਨੇ ਕਿਹਾ, “ਮੈਂ ਵੀ ਸਿਆਸੀ ਆਗੂਆਂ ਦੇ ਹੱਥਾਂ ਵਿੱਚ ਖੇਡਿਆ, ਉਨ੍ਹਾਂ ਨੇ ਲੋਕਾਂ ਵਿੱਚ ਦਹਿਸ਼ਤ ਪਾਉਣ ਤੇ ਚੋਣਾਂ ਵਿੱਚ ਮਦਦ ਲੈਣ ਵਰਗੇ ਨਿੱਜੀ ਹਿੱਤਾਂ ਲਈ ਮੇਰਾ ਇਸਤੇਮਾਲ ਕੀਤਾ।”
ਜੇਲ੍ਹ ਵਿੱਚ ਲੱਖਾ ਨੇ ਆਪਣਾ ਵਕਤ ਪੜ੍ਹਨ ਵਿੱਚ ਲਗਾਇਆ ਨਾਲ ਹੀ ਉਸਨੇ ਖੁਦ ਨੂੰ ਸੋਸ਼ਲ ਮੀਡੀਆ ‘ਤੇ ਮਜਬੂਤ ਕੀਤਾ। ਇਹ ਦੋਵੇਂ ਕੋਸ਼ਿਸ਼ਾਂ ਉਸਦੇ ਕਿਰਦਾਰ ਵਿੱਚੋਂ ਝਲਕਦੀਆਂ ਹਨ।
ਉਸਨੇ ਕਿਹਾ, “ਮੈਨੂੰ ਮਹਿਸੂਸ ਹੋਇਆ ਕਿ ਸਿਆਸਤਦਾਨ ਆਪਣੇ ਹਿੱਤਾਂ ਲਈ ਮੇਰਾ ਇਸਤੇਮਾਲ ਕਰ ਰਹੇ ਸੀ। ਮੇਰਾ ਪਰਿਵਾਰ ਮੇਰੀ ਫ਼ਿਕਰ ਕਰਦਾ ਸੀ ਪਰ ਮੈਂ ਕਦੇ ਵੀ ਉਨ੍ਹਾਂ ਬਾਰੇ ਨਹੀਂ ਸੋਚਿਆ।”
ਗੈਂਗਸਟਰਾਂ ਦੀਆਂ ਸ਼੍ਰੇਣੀਆਂ ਬਣਾਈਆਂ
“ਫ਼ਿਰ ਮੈਂ ਇਹ ਫੈਸਲਾ ਲਿਆ ਕਿ ਮੈਨੂੰ ਇਸ ਦੁਨੀਆਂ ਤੋਂ ਬਾਹਰ ਆਉਣਾ ਪਏਗਾ। ਮੈਂ ਸਮਝ ਗਿਆ ਇਹ ਇੱਕ ਨਕਲੀ ਜ਼ਿੰਦਗੀ ਹੈ।”
ਇਸ ਸਮੱਸਿਆ ਨੂੰ ਸੁਲਝਾਉਣ ਦੇ ਲਈ ਪੰਜਾਬ ਪੁਲਿਸ ਨੇ ਟਾਸਕਫੋਰਸ ਦਾ ਗਠਨ ਕੀਤਾ ਹੈ।
ਪੁਲਿਸ ਮੁਤਾਬਕ 1 ਮਈ 2017 ਤੋਂ ਹੁਣ ਤੱਕ ਉਨ੍ਹਾਂ 180 ਗੈਂਗਸਟਰਾਂ ਨੂੰ ਕਾਬੂ ਕੀਤਾ ਹੈ।
ਗੈਂਗਸਟਰਾਂ ਲਈ ਦੋ ਸ਼੍ਰੇਣੀਆਂ ਰੱਖੀਆਂ ਗਈਆਂ ਹਨ। ਕੈਟਾਗਰੀ ਏ ਵਿੱਚ 9 ਮੋਸਟ ਵਾਂਟਿਡ ਮੁਜਰਿਮਾਂ ਦੇ ਨਾਂ ਸ਼ਾਮਲ ਹਨ ਅਤੇ ਕੈਟਾਗਰੀ ਬੀ ਵਿੱਚ ਵੀ 9 ਗੈਂਗਸਟਰਸ ਸ਼ਾਮਲ ਹਨ ਜਿਨ੍ਹਾਂ ਨੇ ਆਮ ਜਿਹੇ ਅਪਰਾਧ ਕੀਤੇ ਹਨ।

ਇੱਕ ਪੁਲਿਸ ਅਫ਼ਸਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ, “ਅਸੀਂ ਸ਼੍ਰੇਣੀ ਏ ਦੇ ਤਿੰਨ ਗੈਂਗਸਟਰਸ ਨੂੰ ਮਾਰ ਦਿੱਤਾ ਹੈ ਅਤੇ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।”
ਪੰਜਾਬ ਪੁਲਿਸ ਦੇ ਪਟਿਆਲਾ ਜ਼ੋਨ ਦੇ ਪੁਲਿਸ ਇੰਸਪੈਕਟਰ ਏ.ਐੱਸ ਰਾਏ ਮੁਤਾਬਕ ਹਾਲਾਤ ਕਾਬੂ ਵਿੱਚ ਹਨ।
‘ਪੁਲਿਸ ਵੀ ਸਮੱਸਿਆ ਦਾ ਹਿੱਸਾ’
ਪੰਜਾਬ ਪੁਲਿਸ ਦੇ ਸੇਵਾ ਮੁਕਤ ਐਡੀਸ਼ਨਲ ਡੀਜੀਪੀ ਐੱਸ.ਕੇ ਸ਼ਰਮਾ ਮੁਤਾਬਕ ਸਿਆਸੀ ਆਗੂਆਂ ਦਾ ਗੈਂਗਸ ਦੇ ਵਾਧੇ ਵਿੱਚ ਵੱਡਾ ਹੱਥ ਹੈ।
ਉਨ੍ਹਾਂ ਕਿਹਾ, “ਉਹ ਪਹਿਲਾਂ ਛੋਟੇ ਮੁਜਰਿਮ ਹੁੰਦੇ ਹਨ ਪਰ ਸਿਆਸੀ ਸ਼ਹਿ ਕਰਕੇ ਉਹ ਤਾਕਤਵਰ ਬਣ ਜਾਂਦੇ ਹਨ ਤੇ ਗੈਂਗਸਟਰਸ ਵਿੱਚ ਤਬਦੀਲ ਹੋ ਜਾਂਦੇ ਹਨ। ਫ਼ਿਰ ਉਹ ਆਪਣੀ ਹੋਂਦ ਨੂੰ ਸਾਬਿਤ ਕਰਨ ਦੇ ਲਈ ਵੱਡੇ ਜੁਰਮ ਕਰਨ ਲੱਗ ਪੈਂਦੇ ਹਨ।”
ਅਖ਼ਬਾਰ ਇੰਡੀਅਨ ਐੱਕਸਪ੍ਰੈੱਸ ਦੇ ਸਾਬਕਾ ਸੰਪਾਦਕ ਵਿਪਿਨ ਪੱਬੀ ਮੁਤਾਬਕ ਪੁਲਿਸ ਵੀ ਸਮੱਸਿਆ ਦਾ ਇੱਕ ਹਿੱਸਾ ਹੈ।
ਉਨ੍ਹਾਂ ਕਿਹਾ, “ਮੈਂ ਇਹ ਨਹੀਂ ਕਹਾਂਗਾ ਕਿ ਸਿਆਸੀ ਪਾਰਟੀਆਂ ਉਨ੍ਹਾਂ ਨੂੰ ਸ਼ਹਿ ਦਿੰਦੀਆਂ ਹਨ ਪਰ ਇਹ ਵਿਅਕਤੀਗਤ ਪੱਧਰ ‘ਤੇ ਹੁੰਦਾ ਹੈ। ਉਸ ਤਰੀਕੇ ਨਾਲ ਕੁਝ ਪੁਲਿਸ ਵਾਲੇ ਉਨ੍ਹਾਂ ਦੀ ਹਮਾਇਤ ਕਰਦੇ ਹਨ।”
ਪੁਲਿਸ ਕਈ ਵਾਰ ਇਨ੍ਹਾਂ ਗੈਂਗਸਟਰਸ ਦੇ ਕੰਮਾਂ ਲਈ ਅੱਖਾਂ ਬੰਦ ਕਰ ਲੈਂਦੀ ਹੈ ਕਿਉਂਕਿ ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ਸਿਆਸੀ ਸ਼ਹਿ ਪ੍ਰਾਪਤ ਹੈ।”
ਲੱਖਾ ਸਿਧਾਣਾ ਹੁਣ ਚਾਹੁੰਦਾ ਹੈ ਕਿ ਨੌਜਵਾਨ ਇਸ ਰਾਹ ‘ਤੇ ਨਾ ਤੁਰਨ। ਉਸਨੂੰ ਆਪਣੀ ਪੰਜਾਬੀ ਰਵਾਇਤੇ ਤੇ ਮਾਂ ਬੋਲੀ ‘ਤੇ ਮਾਣ ਹੈ।
ਪਰ ਉਸਦੇ ਕੀਤੇ ਮਾੜੇ ਕੰਮ ਉਸਦਾ ਪਿੱਛਾ ਨਹੀਂ ਛੱਡ ਰਹੇ।
ਲੱਖਾ ਕਹਿੰਦਾ ਹੈ, “ਮੈਂ ਕਿਤੇ ਵੀ ਇੱਕਲਾ ਤੇ ਬਿਨਾਂ ਹਥਿਆਰਾਂ ਦੇ ਨਹੀਂ ਜਾ ਸਕਦਾ। ਮੇਰਾ ਕੋਈ ਵੀ ਦੁਸ਼ਮਣ ਮੇਰੇ ‘ਤੇ ਹਮਲਾ ਕਰ ਸਕਦਾ ਹੈ।”
ਉਹ ਕਹਿੰਦਾ ਹੈ, “ਮੇਰੀ ਪਤਨੀ, ਮੇਰਾ ਪਰਿਵਾਰ ਹਮੇਸ਼ਾ ਡਰ ਦੇ ਮਾਹੌਲ ਵਿੱਚ ਰਹਿੰਦਾ ਹੈ। ਮੇਰੀਆਂ ਦੋ-ਤਿੰਨ ਪੀੜ੍ਹੀਆਂ ਖ਼ਤਰੇ ਵਿੱਚ ਹਨ। ਇਹ ਇੱਕ ਝੂਠੀ ਸ਼ੌਹਰਤ ਹੈ।”