Wednesday , May 25 2022

ਡਾਲਰਾਂ ਨੇ ਖੋਹਿਆ ਇਕ ਹੋਰ ਮਾਂ ਦਾ ਪੁੱਤ..

ਅਮਰੀਕਾ ਦੇ ਕੈਲੀਫੋਰਨੀਆ ਵਿਚ ਟਰਾਲਾ ਚਾਲਕ ਇਕ ਭਾਰਤੀ ਨੌਜਵਾਨ ਦੀ ਹੋਈ ਮੌਤ ਤੋਂ 15 ਦਿਨਾਂ ਬਾਅਦ ਵੀ ਪਰਿਵਾਰ ਨੂੰ ਉਸ ਦੀ ਲਾਸ਼ ਭਾਰਤ ਲਿਆਉਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ।
ਇਸ ਸਬੰਧੀ ਮ੍ਰਿਤਕ ਨੌਜਵਾਨ ਪ੍ਰੀਤਇੰਦਰ ਸਿੰਘ (29) ਪੁੱਤਰ ਤੇਜਿੰਦਰ ਸਿੰਘ ਵਾਸੀ ਅਰਨੌਲੀ (ਕੈਥਲ) ਦੀ ਭਵਾਨੀਗੜ੍ਹ ਨੇੜਲੇ ਪਿੰਡ ਬਾਲਦ ਕਲਾਂ ਵਿਖੇ ਵਿਆਹੀ ਭੈਣ ਸਤਵਿੰਦਰ ਕੌਰ ਅਤੇ ਉਸ ਦੇ ਪਤੀ ਨਰਿੰਦਰ ਸਿੰਘ ਨਿੰਦੀ ਨੇ ਰੋਂਦੇ ਕੁਰਲਾਉਂਦਿਆਂ ਦੱਸਿਆ

ਕਿ 8 ਸਾਲ ਪਹਿਲਾਂ ਪ੍ਰੀਤਇੰਦਰ ਸਿੰਘ ਰੋਜ਼ੀ-ਰੋਟੀ ਕਮਾਉਣ ਲਈ ਕੈਲੀਫੋਰਨੀਆ ਗਿਆ ਸੀ ਅਤੇ ਢਾਈ ਸਾਲ ਤੋਂ ਉਥੋਂ ਦਾ ਪੱਕਾ ਵਸਨੀਕ ਬਣ ਗਿਆ ਸੀ। ਉਹ ਉਥੇ ਟਰਾਲਾ ਚਲਾਉਂਦਾ ਸੀ । ਬੀਤੀ 4 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਉਨ੍ਹਾਂ ਨੂੰ ਫੋਨ ‘ਤੇ ਪ੍ਰੀਤਇੰਦਰ ਸਿੰਘ ਦੀ ਮੌਤ ਬਾਰੇ ਜਾਣਕਾਰੀ ਮਿਲੀ । ਉਨ੍ਹਾਂ ਨੂੰ ਪਤਾ ਲੱਗਾ ਕਿ ਟਰਾਲੇ ਰਾਹੀਂ ਸਾਮਾਨ ਲਾਹ ਕੇ ਉਹ ਵਾਪਸ ਪਰਤ ਰਿਹਾ ਸੀ। ਥਕੇਵੇਂ ਕਾਰਨ ਆਪਣਾ ਟਰਾਲਾ ਸੜਕ ਕੰਢੇ ਰੋਕ ਕੇ ਉਹ ਸੌਂ ਗਿਆ ਅਤੇ ਉਸ ਦੀ ਸੁੱਤੇ ਪਏ ਟਰਾਲੇ ਵਿਚ ਹੀ ਮੌਤ ਹੋ ਗਈ ।

ਮੌਤ ਤੋਂ 48 ਘੰਟਿਆਂ ਬਾਅਦ ਉਥੋਂ ਦੀ ਪੁਲਸ ਨੇ ਸੂਚਨਾ ਮਿਲਣ ‘ਤੇ ਟਰਾਲੇ ਦੇ ਸ਼ੀਸ਼ੇ ਤੋੜ ਕੇ ਪ੍ਰੀਤਇੰਦਰ ਦੀ ਲਾਸ਼ ਨੂੰ ਟਰਾਲੇ ‘ਚੋਂ ਬਾਹਰ ਕੱਢਿਆ ਅਤੇ ਇਸ ਦੀ ਸੂਚਨਾ ਉਨ੍ਹਾਂ ਨੂੰ ਦਿੱਤੀ । ਨਰਿੰਦਰ ਸਿੰਘ ਨੇ ਦੱਸਿਆ ਕਿ ਪ੍ਰੀਤਇੰਦਰ ਦੀਆਂ ਚਾਰ ਭੈਣਾਂ ਅਤੇ ਇਕ ਭਰਾ ਹੈ ਅਤੇ ਉਸ ਨੇ ਲੋਹੜੀ ਦੇ ਨੇੜੇ ਵਿਆਹ ਕਰਵਾਉਣ ਲਈ ਭਾਰਤ ਆਉਣਾ ਸੀ ।

ਉਨ੍ਹਾਂ ਬੜੇ ਦੁਖੀ ਮਨ ਨਾਲ ਦੱਸਿਆ ਕਿ 15 ਦਿਨ ਬੀਤ ਜਾਣ ਦੇ ਬਾਵਜੂਦ ਪਰਿਵਾਰ ਨੂੰ ਆਪਣੇ ਲਾਡਲੇ ਦੀ ਲਾਸ਼ ਤੱਕ ਦੇਖਣੀ ਨਸੀਬ ਨਹੀਂ ਹੋ ਰਹੀ ਤੇ ਉਨ੍ਹਾਂ ਨੂੰ ਲਾਸ਼ ਭਾਰਤ ਲਿਆਉਣ ਲਈ ਭਾਰੀ ਖੱਜਲ-ਖੁਆਰੀ ਝੱਲਣੀ ਪੈ ਰਹੀ ਹੈ । ਉਨ੍ਹਾਂ ਭਾਰਤ ਸਰਕਾਰ ਅਤੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਪ੍ਰੀਤਇੰਦਰ ਦੀ ਲਾਸ਼ ਭਾਰਤ ਲਿਆਉਣ ਲਈ ਪਰਿਵਾਰ ਦੀ ਮਦਦ ਕਰਨ ਦੀ ਫਰਿਆਦ ਕੀਤੀ ਹੈ।