Friday , December 9 2022

ਝੋਨੇ ਦੀ ਲੁਆਈ ਹੋਵੇਗੀ ਹੋਰ ਪਛੇਤੀ, 15 ਜੂਨ ਦੀ ਥਾਂ ਤੇ ਹੁਣ ਇਸ ਤਰੀਕ ਨੂੰ ਲੱਗੇਗਾ ਝੋਨਾ

ਝੋਨੇ ਦੀ ਲੁਆਈ ਹੋਵੇਗੀ ਹੋਰ ਪਛੇਤੀ, 15 ਜੂਨ ਦੀ ਥਾਂ ਤੇ ਹੁਣ ਇਸ ਤਰੀਕ ਨੂੰ ਲੱਗੇਗਾ ਝੋਨਾ

ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘੱਟਦੇ ਜਾਣ ’ਤੇ ਫਿਕਰ ਜ਼ਾਹਿਰ ਕਰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਪੰਜਾਬ ਅੰਦਰ ਝੋਨੇ ਦੀ ਲੁਆਈ 25 ਜੂਨ ਤੋਂ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਹੈ। ਬੋਰਡ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਸੁਝਾਅ ਨੂੰ ਅਮਲ ’ਚ ਲਿਆਂਦਾ ਜਾਵੇ।

ਪ੍ਰਦੂਸ਼ਣ ਕੰਟਰੋਲ ਬੋਰਡ ਦਾ ਕਹਿਣਾ ਹੈ ਕਿ ਜੇਕਰ ਇਸ ਸਮੇਂ ਤੋਂ ਪਹਿਲਾਂ ਕਿਸਾਨ ਝੋਨਾ ਲਾਉਂਦੇ ਹਨ ਤਾਂ ਇਸ ਨਾਲ ਧਰਤੀ ’ਤੇ ਵਾਧੂ ਬੋਝ ਪਵੇਗਾ ਅਤੇ ਨਾਲ ਹੀ ਧਰਤੀ ਹੇਠਲੇ ਪਾਣੀ ਦੀ ਖਪਤ ਵੀ ਵੱਧ ਹੋਵੇਗੀ।

ਬੋਰਡ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਜ਼ਮੀਨ ਹੇਠਲੇ ਪਾਣੀ ਦੀ ਸੰਭਾਲ ਸਬੰਧੀ ਐਕਟ-2009 ’ਚ ਸੋਧ ਕਰਕੇ ਸੂਬੇ ਅੰਦਰ ਝੋਨੇ ਦੀ ਲੁਆਈ ਦੀ ਅਧਿਕਾਰਤ ਤਾਰੀਕ 25 ਜੂਨ ਤੈਅ ਕਰੇ, ਜੋ ਕਿ ਪਹਿਲਾਂ 15 ਜੂਨ ਹੈ। ਪੀਪੀਸੀਬੀ ਦੇ ਚੇਅਰਮੈਨ ਕਾਹਨ ਸਿੰਘ ਪਨੂੰ ਨੇ ਜਾਰੀ ਅਧਿਕਾਰਤ ਪੱਤਰ ’ਚ ਕਿਹਾ ਹੈ ਕਿ ਝੋਨੇ ਹੇਠ ਰਕਬਾ ਵਧਣ ਕਾਰਨ ਸੂਬੇ ਦੇ 108 ਖੇਤਰ ‘ਡਾਰਕ ਜ਼ੋਨ’ (ਜ਼ਮੀਨ ਹੇਠਲੇ ਪਾਣੀ ਦੀ ਗੰਭੀਰ ਪੱਧਰ ਤੱਕ ਕਮੀ) ਐਲਾਨੇ ਹੋਏ ਹਨ।

ਇਸ ਲਈ ਝੋਨੇ ਦੀ ਲੁਆਈ 25 ਜੂਨ ਜਾਂ ਇਸ ਤੋਂ ਬਾਅਦ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਘੱਟ ਹੋਵੇ ਤੇ ਮੀਂਹ ਦੇ ਪਾਣੀ ਦੀ ਵਰਤੋਂ ਝੋਨੇ ਲਈ ਕੀਤੀ ਜਾ ਸਕੇ। (ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ)ਉਨ੍ਹਾਂ ਨਾਲ ਹੀ ਕਿਹਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪੇਸ਼ ਕੀਤੀਆਂ ਝੋਨੇ ਦੀਆਂ ਨਵੀਆਂ ਨਸਲਾਂ, ਜੋ ਝੋਨੇ ਦੀ ਆਮ ਨਸਲ ਤੋਂ 20 ਦਿਨ ਪਹਿਲਾਂ ਪੱਕ ਜਾਂਦੀਆਂ ਹਨ, ਦੀ ਲੁਆਈ ਵੀ ਜੇਕਰ 10 ਦਿਨ ਪੱਛੜ ਜਾਵੇ ਤਾਂ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੈ।

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾਈ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਜ਼ਮੀਨ ਹੇਠਲੇ ਪਾਣੀ ਦੀ ਸਮੱਸਿਆ ਸਮਝਦੇ ਹਨ। ਜੇਕਰ ਝੋਨੇ ਦੀ ਲੁਆਈ 25 ਜੂਨ ਤੋਂ ਸ਼ੁਰੂ ਹੁੰਦੀ ਹੈ ਤਾਂ ਮੀਂਹ ਦੇ ਪਾਣੀ ਨਾਲ ਸਿੰਜਾਈ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਇਸ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ।

ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਨੇ ਵੀ ਝੋਨੇ ਦੀ ਲੁਆਈ ’ਚ ਦੇਰੀ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਪਰ ਕੁਝ ਕਿਸਾਨਾਂ ਦਾ ਕਹਿਣਾ ਇਹ ਵੀ ਹੈ ਕੇ ਪਿਛੇਤੀ ਲਗਵਾਈ ਕਾਰਨ ਝਾੜ ਘੱਟਣ ਦੇ ਨਾਲ ਨਾਲ ਬਿਮਾਰੀ ਵੀ ਵੱਧ ਪੈਂਦੀ ਹੈ ਤੇ ਨਾਲ ਹੀ ਵੇਚਣ ਵੇਲੇ ਵਧੇਰੇ ਨਮੀ ਹੋਣ ਕਾਰਨ ਵੇਚਣ ਵਿੱਚ ਵੀ ਬਹੁਤ ਦਿੱਕਤ ਆਉਂਦੀ ਹੈ ।