ਜੱਜ ਨੇ ਕਾਨੂੰਨ ਦੀ ਉਲੰਘਣਾ ‘ਨਾ’ ਕਰਨ ‘ਤੇ ਐਨ.ਆਰ.ਆਈ ‘ਤੇ ਠੋਕਿਆ ਪਰਚਾ!
ਬੀਤੇ ਦਿਨੀਂ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ‘ਚ ਸ਼ਮਲ ਹੋਣ ਲਈ ਕੈਨੇਡਾ ਤੋਂ ਆਏ ਐਨ.ਆਰ.ਆਈ. ਸੰਦੀਪ ਸਿੰਘ ’ਤੇ ਥਾਣਾ ਸਿਟੀ-1 ਵਿਚ ਦਰਜ ਮਾਮਲੇ ਨੂੰ ਲੈ ਕੇ ਅੱਜ ਐਨ.ਆਰ.ਆਈ. ਸੰਦੀਪ ਸਿੰਘ ਦੇ ਪਰਿਵਾਰ ਜਿਸ ਵਿਚ ਐਨ.ਆਰ.ਆਈ. ਸੰਦੀਪ ਸਿੰਘ ਦੀ ਪਤਨੀ ਸਿਮਰਦੀਪ ਕੌਰ, ਹਰਦੀਪ ਕੌਰ, ਭੈਣ, ਗੁਰਮੀਤ ਕੌਰ, ਮਾਸੀ, ਕੁਲਦੀਪ ਕੌਰ, ਮਾਤਾ, ਗੁਰਪਿੰਦਰ ਸਿੰਘ ਜੌਹਲ, ਸਤਵਿੰਦਰ ਸਿੰਘ ਬਰਾੜ ਅਤੇ ਸ਼ਹਿਰ ਦੇ ਹੋਰ ਪਤਵੰਤਿਆਂ ਦੀ ਹਾਜ਼ਰੀ ਵਿਚ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਜਿਸ ਵਿਚ ਐਨ.ਆਰ.ਆਈ. ਸੰਦੀਪ ਸਿੰਘ ਦੀ ਪਤਨੀ ਸਿਮਰਦੀਪ ਕੌਰ ਅਤੇ ਭੈਣ ਹਰਦੀਪ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਦੀਪ ਦੇ ਪਿਤਾ ਹਰਬੰਸ ਸਿੰਘ ਖਹਿਰਾ ਦੀ 18 ਫਰਵਰੀ 2018 ਨੂੰ ਮੌਤ ਹੋ ਗਈ ਸੀ ਅਤੇ ਉਨ੍ਹਾਂ ਦਾ ਸਾਰਾ ਪਰਿਵਾਰ ਉਨ੍ਹਾਂ ਦੀਆਂ ਅੰਤਿਮ ਰਸਮਾਂ ਕਰਨ ਲਈ ਵਿਸ਼ੇਸ਼ ਤੌਰ ’ਤੇ ਕੈਨੇਡਾ ਤੋਂ ਪਰਤੇ ਸਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸਮੁੱਚਾ ਪਰਿਵਾਰ ਹੀ ਕੈਨੇਡਾ ਵਿਚ ਰਹਿੰਦਾ ਹੈ। ਪਰ ਬੀਤੀ 26 ਫਰਵਰੀ ਨੂੰ ਜਦ ਸੰਦੀਪ ਸਿੰਘ ਆਪਣੀ ਕਾਰ ’ਤੇ ਸਵਾਰ ਹੋ ਕੇ ਕਾਲੀਏਵਾਲਾ ਵਿਖੇ ਆਪਣੀ ਮਾਸੀ ਨੂੰ ਅੰਤਿਮ ਰਸਮਾਂ ਬਾਰੇ ਦੱਸਣ ਜਾ ਰਿਹਾ ਸੀ ਤਾਂ ਮੋਗਾ ਵਿਖੇ ਚਾਰ ਮਾਰਗੀ ਰਸਤਾ ਅਤੇ ਪੁਲਾਂ ਦਾ ਕੰਮ ਚੱਲਦਾ ਹੋਣ ਕਰ ਕੇ ਜਦ ਉਸ ਦੀ ਗੱਡੀ ਟਰੈਫ਼ਿਕ ਵਿਚ ਫਸੀ ਹੋਈ ਸੀ ਤਾਂ ਪਿੱਛੋਂ ਰੁਕੀ ਗੱਡੀ ਨੇ ਹੂਟਰ ਮਾਰਨੇ ਸ਼ੁਰੂ ਕਰ ਦਿੱਤੇ ਜਿਸ ਦੌਰਾਨ ਸੰਦੀਪ ਸਿੰਘ ਨੇ ਆਪਣੀ ਗੱਡੀ ਵਿਚੋਂ ਉਤਰ ਕੇ ਹੂਟਰ ਮਾਰਨ ਵਾਲੀ ਗੱਡੀ ਨੂੰ ਹੂਟਰ ਨਾ ਵਜਾਉਣ ਲਈ ਕਿਹਾ ਪਰ ਉਕਤ ਗੱਡੀ ਸਵਾਰ ਵਿਚ ਮੋਗਾ ਜੁਡੀਸ਼ੀਅਲ ਕੋਰਟ ਦੇ ਜੁਡੀਸ਼ੀਅਲ ਮਜਿਸਟਰੇਟ ਸਵਾਰ ਸੀ।
ਜਿਨ੍ਹਾਂ ਨੇ ਪਹਿਲਾਂ ਸੰਦੀਪ ਸਿੰਘ ਅਤੇ ਉਸ ਦੇ ਡਰਾਈਵਰ ਨੂੰ ਗੱਡੀ ਸਮੇਤ ਕੋਰਟ ਕੰਪਲੈਕਸ ਲੈ ਗਏ ਜਿੱਥੇ ਮੋਗਾ ਸਿਟੀ ਦੀ ਪੁਲਿਸ ਨੇ ਸੰਦੀਪ ਸਿੰਘ ਅਤੇ ਉਸ ਦੇ ਡਰਾਈਵਰ ’ਤੇ ਲੁੱਟਖੋਹ ਦਾ ਮਾਮਲਾ ਬਣਾ ਕੇ ਪਰਚਾ ਦਰਜ ਕਰ ਦਿੱਤਾ ਜਦ ਕਿ ਸੰਦੀਪ ਸਿੰਘ ਨੂੰ ਉਸ ਵਕਤ ਇਸ ਗ਼ਲਤੀ ਦਾ ਅਹਿਸਾਸ ਵੀ ਹੋਇਆ ਸੀ
ਅਤੇ ਉਸ ਨੇ ਮੁਆਫ਼ੀ ਵੀ ਮੰਗਣੀ ਚਾਹੀ ਸੀ ਪਰ ਉਸ ਦੀਆਂ ਗੱਲਾਂ ਨੂੰ ਅਣਗੌਲ਼ਿਆਂ ਕਰ ਕੇ ਥਾਣਾ ਸਿਟੀ-1 ਵਿਚ ਲਿਆ ਕੇ ਉਨ੍ਹਾਂ ’ਤੇ ਲੁੱਟਖੋਹ ਦਾ ਮਾਮਲਾ ਦਰਜ ਕਰ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਦਿਨ ਉਨ੍ਹਾਂ ਦੇ ਪਿਤਾ ਦੀਆਂ ਅੰਤਿਮ ਰਸਮਾਂ ਜਾਣੀ ਸਹਿਜ ਪਾਠ ਦਾ ਭੋਗ ਪਾਇਆ ਜਾਣਾ ਸੀ ਤਾਂ ਉਹ ਸਾਰਾ ਪਰਿਵਾਰ ਜੱਜ ਸਹਿਬਾਨ ਦੇ ਘਰੇ ਆਪਣੀ ਗ਼ਲਤੀ ਦਾ ਅਹਿਸਾਸ ਵੀ ਕਰਨ ਗਏ ਸੀ।
ਉਨ੍ਹਾਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਅਤੇ ਜੱਜ ਸਹਿਬਾਨ ਨੂੰ ਬੇਨਤੀ ਕਰਦਿਆਂ ਇਸ ਮਾਮਲੇ ਵਿਚ ਇਨਸਾਫ਼ ਦੀ ਮੰਗ ਕੀਤੀ। ਇਸ ਸਬੰਧੀ ਜਦ ਥਾਣਾ ਸਿਟੀ-1 ਮੁੱਖ ਅਫ਼ਸਰ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਜੱਜ ਸਹਿਬਾਨ ਦੇ ਬਿਆਨਾਂ ’ਤੇ ਹੀ ਦਰਜ ਕੀਤਾ ਗਿਆ ਪਰ ਇਸ ਦੇ ਬਾਵਜੂਦ ਇਹ ਮਾਮਲਾ ਜ਼ਿਲ੍ਹਾ ਪੁਲਿਸ ਮੁਖੀ ਦੇ ਧਿਆਨ ਵਿਚ ਹੈ ਅਤੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ।
ਇਸ ਮੌਕੇ ਸੰਦੀਪ ਸਿੰਘ ਦੀ ਭੈਣ ਹਰਦੀਪ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ ਜਨਮ ਭੂਮੀ ’ਤੇ ਪ੍ਰਵਾਸ ਦੀ ਧਰਤੀ ਤੋਂ ਬੜੇ ਚਾਵਾਂ ਨਾਲ ਆਉਂਦੇ ਹਨ ਪਰ ਜਦ ਇੱਥੇ ਆ ਕੇ ਉਨ੍ਹਾਂ ਨੂੰ ਇਨਸਾਫ਼ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ ਤਾਂ ਉਨ੍ਹਾਂ ਨੂੰ ਬੇਹੱਦ ਦੁੱਖ ਹੁੰਦਾ ਹੈ। ਇਸ ਮੌਕੇ ’ਤੇ ਸਤਵਿੰਦਰ ਸਿੰਘ ਬਰਾੜ, ਮੋਹਨ ਲਾਲ, ਗੁਰਪਿੰਦਰ ਸਿੰਘ ਜੌਹਲ, ਗੁਰਿੰਦਰ ਸਿੰਘ ਖਹਿਰਾ, ਜਸਪ੍ਰੀਤ ਸਿੰਘ, ਭੁਪਿੰਦਰ ਸਿੰਘ ਭਿੰਡਰ, ਕੁਲਦੀਪ ਸਿੰਘ ਬਘੇਲੇਵਾਲਾ, ਕੁਲਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।