Monday , October 18 2021

ਪਤੀ ਤੋਂ ਤੰਗ ਪਤਨੀ ਨੂੰ ਕੈਨੇਡਾ ਨੇ ਦਿੱਤੀ ਨਵੀਂ ਜ਼ਿੰਦਗੀ, ਟਰੂਡੋ ਨੇ ਲਗਾਇਆ ਗਲੇ

ਪਤੀ ਤੋਂ ਤੰਗ ਪਤਨੀ ਨੂੰ ਕੈਨੇਡਾ ਨੇ ਦਿੱਤੀ ਨਵੀਂ ਜ਼ਿੰਦਗੀ, ਟਰੂਡੋ ਨੇ ਲਗਾਇਆ ਗਲੇ

ਅਫਗਾਨਿਸਤਾਨ ਦੀ ਰਹਿਣ ਵਾਲੀ ਸ਼ਕੀਲਾ ਜ਼ਾਰੀਨ ਨਾਂ ਦੀ ਔਰਤ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਉਸ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਟਰੂਡੋ ਨੂੰ ਮਿਲਣਾ ਚਾਹੁੰਦੀ ਸੀ। ਵੀਰਵਾਰ ਨੂੰ ਜਦ ਉਹ ਟਰੂਡੋ ਨੂੰ ਮਿਲੀ ਤਾਂ ਉਹ ਭਾਵੁਕ ਹੋ ਗਈ। ਸ਼ਕੀਲਾ ਨੇ ਦੱਸਿਆ ਕਿ ਉਸ ਦੇ ਪਤੀ ਨੇ ਉਸ ਦੇ ਚਿਹਰੇ ‘ਤੇ ਗੋਲੀ ਮਾਰੀ ਸੀ ਜਿਸ ਕਾਰਨ ਉਹ ਮਰਨ ਤੋਂ ਬਚੀ ਹੈ। ਉਹ ਦੋ ਮਹੀਨੇ ਪਹਿਲਾਂ ਹੀ ਵੈਨਕੂਵਰ ਪੁੱਜੀ ਅਤੇ ਟਰੂਡੋ ਨੇ ਉਸ ਨੂੰ ਗਲ ਲਗਾ ਕੇ ਉਸ ਦਾ ਸਵਾਗਤ ਕੀਤਾ।
ਉਸ ਨੇ ਦੱਸਿਆ ਕਿ ਉਹ ਅਫਗਾਨਿਸਤਾਨ ਤੋਂ ਬਾਘਲਨ ਦੀ ਰਹਿਣ ਵਾਲੀ ਹੈ। ਉਹ 17 ਸਾਲ ਦੀ ਸੀ ਜਦ ਉਸ ਦਾ ਵਿਆਹ ਉਸ ਦੇ ਰਿਸ਼ਤੇਦਾਰਾਂ ਦੇ ਲੜਕੇ ਨਾਲ ਹੋਇਆ। ਉਸ ਦਾ ਪਤੀ 14 ਸਾਲ ਦਾ ਅਤੇ ਉਹ ਅੱਤਵਾਦੀ ਸਮੂਹ ਤਾਲਿਬਾਨ ਨਾਲ ਜੁੜਿਆ ਸੀ। ਉਸ ਨੇ ਕਿਹਾ ਕਿ ਉਹ ਉਸ ਨੂੰ ਕੁੱਟਦਾ-ਮਾਰਦਾ ਸੀ ਅਤੇ ਉਸ ਨਾਲ ਜ਼ਬਰਦਸਤੀ ਕਰਦਾ ਸੀ। ਉਸ ਦਾ ਪਤੀ ਹਰ ਸਮੇਂ ਉਸ ਨਾਲ ਬੁਰਾ ਵਿਵਹਾਰ ਕਰਦਾ ਸੀ। ਸ਼ਕੀਲਾ ਨੇ ਕਿਹਾ ਕਿ ਉਹ ਇੰਨੀ ਕੁ ਪ੍ਰੇਸ਼ਾਨ ਹੋ ਗਈ ਕਿ ਉਸ ਨੇ ਪੁਲਸ ਕੋਲ ਉਸ ਦੀ ਸ਼ਿਕਾਇਤ ਕੀਤੀ ਪਰ ਕੋਈ ਉਸ ਦੀ ਮਦਦ ਲਈ ਨਾ ਆਇਆ ਅਤੇ ਜਦ ਉਸ ਦੇ ਪਤੀ ਨੂੰ ਪਤਾ ਲੱਗਾ ਕਿ ਉਹ ਪੁਲਸ ਕੋਲ ਗਈ ਸੀਤਾਂ ਉਸ ਨੇ ਗੁੱਸੇ ‘ਚ ਉਸ ਦੇ ਚਿਹਰੇ ‘ਤੇ ਗੋਲੀ ਮਾਰ ਦਿੱਤੀ। ਇਹ ਘਟਨਾ 2013 ‘ਚ ਵਾਪਰੀ ਅਤੇ ਉਸ ਦੇ ਚਿਹਰੇ ‘ਤੇ ਇੰਨੇ ਡੂੰਘੇ ਜ਼ਖਮ ਹੋ ਗਏ ਕਿ ਅੱਜ ਵੀ ਉਸ ਦਾ ਅੱਧਾ ਚਿਹਰਾ ਖਰਾਬ ਹੈ। ਉਸ ਨੇ ਕਿਹਾ ਕਿ ਉਸ ਸਮੇਂ ਕਿਸੇ ਨੂੰ ਉਮੀਦ ਨਹੀਂ ਸੀ ਕਿ ਉਹ ਬਚ ਵੀ ਸਕੇਗੀ। 2014 ‘ਚ ਉਸ ਨੂੰ ਇਲਾਜ ਲਈ ਭਾਰਤ ਲਿਆਂਦਾ ਗਿਆ, ਜਿੱਥੇ ਉਸ ਦਾ ਆਪ੍ਰੇਸ਼ਨ ਕੀਤਾ ਗਿਆ। ਇਸ ਦੇ ਦੋ ਸਾਲਾਂ ਬਾਅਦ ਉਸ ਨੂੰ ਅਮਰੀਕਾ ਨੇ ਅਪਣਾ ਲਿਆ ਪਰ ਅਗਲੇ ਹੀ ਸਾਲ ਸੁਰੱਖਿਆ ਕਾਰਨਾਂ ਦੀ ਗੱਲ ਆਖ ਕੇ ਉਸ ਨੂੰ ਵਾਪਸ ਭੇਜ ਦਿੱਤਾ ਗਿਆ। ਇਸ ਮਗਰੋਂ ਕੈਨੇਡਾ ਨੇ ਆਪਣਾ ਹੱਥ ਉਸ ਵੱਲ ਵਧਾਇਆ ਅਤੇ ਉਸ ਨੂੰ ਸ਼ਰਣਾਰਥੀ ਵਜੋਂ ਅਪਣਾ ਲਿਆ।ਸ਼ਕੀਲਾ, ਉਸ ਦੀ ਮਾਂ ਸ਼ੇਰਮਾਨ ਜਾਨ ਅਤੇ ਉਸ ਦੀ ਭੈਣ ਸੇਮੀਰਾ ਸਦੀਕੀ ਤਿੰਨਾਂ ਨੂੰ ਦੋ ਹਫਤਿਆਂ ‘ਚ ਹੀ ਕੈਨੇਡਾ ਦਾ ਵੀਜ਼ਾ ਮਿਲ ਗਿਆ। ਵੀਰਵਾਰ ਨੂੰ ਜਦ ਉਹ ਟਰੂਡੋ ਨੂੰ ਮਿਲੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਟਰਾਂਸਲੇਟਰ ਦੀ ਮਦਦ ਨਾਲ ਉਸ ਨੇ ਟਰੂਡੋ ਨਾਲ ਗੱਲ ਬਾਤ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ।ਉਸ ਨੇ ਕਿਹਾ,” ਮੈਨੂੰ ਪਤਾ ਸੀ ਕਿ ਟਰੂਡੋ ਬਹੁਤ ਚੰਗੇ ਇਨਸਾਨ ਹਨ ਪਰ ਉਨ੍ਹਾਂ ਨੂੰ ਮਿਲ ਕੇ ਮੈਨੂੰ ਉਹ ਹੋਰ ਵੀ ਚੰਗੇ ਲੱਗੇ। ਮੈਨੂੰ ਮਹਿਸੂਸ ਹੋਇਆ ਕਿ ਉਹ ਸਭ ਤੋਂ ਵੱਖਰੇ ਹਨ।” ਉਸ ਨੇ ਕਿਹਾ ਕਿ ਟਰੂਡੋ ਨੇ ਔਰਤਾਂ ਦੀ ਮਦਦ ਲਈ ਬਹੁਤ ਕੁੱਝ ਕੀਤਾ ਹੈ ਅਤੇ ਉਹ ਹਮੇਸ਼ਾ ਕੈਨੇਡਾ ਦੀ ਸ਼ੁਕਰਗੁਜ਼ਾਰ ਰਹੇਗੀ।