Monday , December 6 2021

ਜਿਸ ਟੇ੍ਨ ਤੇ ਉਹਨਾਂ ਦੀ ਬੇਟੀ ਨੇ ਆਉਣਾ ਸੀ ਉਸਦੀ ਭਿਆਨਕ ਟੱਕਰ ਹੋ ਗਈ . ਸੈਂਕੜੇ ਲੋਕ ਮਾਰੇ ਗਏ ਪਰ..

ਜਿਸ ਟੇ੍ਨ ਤੇ ਉਹਨਾਂ ਦੀ ਬੇਟੀ ਨੇ ਆਉਣਾ ਸੀ ਉਸਦੀ ਭਿਆਨਕ ਟੱਕਰ ਹੋ ਗਈ ਸੈਂਕੜੇ ਲੋਕ ਮਾਰੇ ਗਏ ਪਰ……

ਸੰਨ 1998 ਦੇ ਨਵੰਬਰ ਮਹੀਨੇ ਦੀ ਗੱਲ ਹੈ..ਮੈਂ ਹੋਟਲ ਵਿਚ ਰਾਤ ਦੀ ਡਯੂਟੀ ਤੇ ਸਾਂ !

ਅਮ੍ਰਿਤਸਰ ਤੋਂ ਲਾਗੇ ਇੱਕ ਕਸਬੇ ਤੋਂ ਇੱਕ ਪਤੀ ਪਤਨੀ ਹੋਟਲ ਵਿਚ ਠਹਿਰੇ ਹੋਏ ਸਨ…ਓਦੋਂ ਤਕਨੀਕੀ ਕੋਰਸਾਂ ਲਈ ਸਾਊਥ ਵਾਲੇ ਪਾਸੇ ਬਚੇ ਪੜਾਉਣ ਦਾ ਬੜਾ ਰਿਵਾਜ ਹੁੰਦਾ ਸੀ !

ਓਹਨਾ ਦੀ ਬੰਗਲੌਰ ਪੜਦੀ ਇਕਲੌਤੀ ਧੀ ਸੁਵੇਰੇ ਪੌਣੇ ਸੱਤ ਵਜੇ ਫਰੰਟੀਅਰ ਮੇਲ ਰਾਹੀਂ ਦਿੱਲੀਓਂ ਅੰਮ੍ਰਿਤਸਰ ਆ ਰਹੀ ਸੀ ਮੈਨੂੰ ਆਖਣ ਲੱਗੇ ਕੇ ਸਾਨੂੰ ਚਾਰ ਕੂ ਵਜੇ ਜਗਾ ਦੇਣਾ ਤੇ ਨਾਲ ਹੀ ਇੱਕ ਇੱਕ ਚਾਹ ਦਾ ਕੱਪ ਭੇਜ ਦੇਣਾ..ਵੇਲੇ ਸਿਰ ਸਟੇਸ਼ਨ ਪਹੁੰਚਣਾ ਹੈ !

ਮੈਨੂੰ ਖਬਰਾਂ ਸੁਣਨ ਦਾ ਬੜਾ ਸ਼ੌਕ ਹੁੰਦਾ ਸੀ..ਤੜਕੇ ਤਕਰੀਬਨ ਪੌਣੇ ਕੂ ਚਾਰ ਵਜੇ ਚੈਨਲ ਤੇ ਬ੍ਰੇਕਿੰਗ ਨੀਊਜ਼ ਚੱਲਣ ਲੱਗ ਪਈ ਕੇ ਦਿੱਲੀਓਂ-ਅਮ੍ਰਿਤਸਰ ਆਉਂਦੀ.. ਫਰੰਟੀਅਰ ਮੇਲ ਖੰਨੇ ਦੇ ਕੋਲ ਕਿਸੇ ਹੋਰ ਗੱਡੀ ਨਾਲ ਟਕਰਾ ਗਈ ਹੈ ਤੇ ਕਾਫੀ ਮੌਤਾਂ ਹੋਣ ਦਾ ਡਰ ਹੈ !
ਮੈਂ ਛੇਤੀ ਨਾਲ ਓਹਨਾ ਦੇ ਕਮਰੇ ਵੀ ਵਿਚ ਗਿਆ ਤੇ ਦੱਸਿਆ ਕੇ ਆਹ ਗੱਲ ਹੋ ਗਈ ਏ।

ਏਨਾ ਸੁਣ ਜੋ ਹਾਲਤ ਕੁੜੀ ਦੀ ਮਾਂ ਦੀ ਹੋਈ..ਸ਼ਾਇਦ ਸ਼ਬਦਾਂ ਰਾਹੀਂ ਬਿਆਨ ਕਰਨੀ ਔਖੀ ਹੋਵੇ..ਪਰ ਸਰਦਾਰ ਜੀ ਹੋਂਸਲੇ ਵਾਲੇ ਨਿੱਕਲੇ ਤੇ ਨਾਲਦੀ ਨੂੰ ਸੰਭਾਲਦੇ ਹੋਏ ਬਸ ਏਨਾ ਆਖਦੇ ਰਹੇ ਕੇ ਵਾਹਿਗੁਰੂ ਭਲੀ ਕਰੇਗਾ! ਟੈਕਸੀ ਕਰਕੇ ਓਸੇ ਵੇਲੇ ਖੰਨੇ ਵੱਲ ਨੂੰ ਨਿਕਲ ਪਏ…

ਮਗਰੋਂ ਖਬਰਾਂ ਰਾਹੀਂ ਪਤਾ ਲੱਗਾ ਕੇ ਤਕਰੀਬਨ ਪੌਣੇ 2 ਸੌ ਮੌਤਾਂ ਹੋਣ ਦਾ ਖਦਸ਼ਾ ਸੀ ਤੇ ਜਖਮੀਆਂ ਦਾ ਤੇ ਹਿਸਾਬ ਕਿਤਾਬ ਹੀ ਕੋਈ ਨਹੀਂ ਸੀ!

ਕੁਝ ਦਿਨ ਮਗਰੋਂ ਉਸ ਟੈਕਸੀ ਵਾਲੇ ਨਾਲ ਮੁਲਾਕਾਤ ਹੋਈ ਤਾਂ ਉਹ ਦੱਸਣ ਲੱਗਾ ਕੇ ਖੰਨੇ ਪਹੁੰਚ ਸਾਰਾ ਦਿਨ ਲੱਭਦੇ ਰਹੇ..ਜਿਹੜੇ ਡੱਬੇ ਦੀ ਰਿਜਰਵੇਸ਼ਨ ਸੀ ਉਹ ਸਭ ਤੋਂ ਵੱਧ ਤਬਾਹ ਹੋਇਆ ਮਲਬੇ ਹੇਠ ਆਇਆ ਦਿਸ ਰਿਹਾ ਸੀ !

ਓਹਨੀ ਦਿਨੀਂ ਸੈਲ ਫੋਨ ਅਜੇ ਏਨੇ ਕਾਮਨ ਨਹੀਂ ਸਨ ਹੋਏ..

ਅਜੇ ਕ੍ਰੇਨ ਰਾਹੀਂ ਮਲਬਾ ਚੁੱਕਿਆ ਹੀ ਜਾ ਰਿਹਾ ਸੀ ਕੇ ਕੁੜੀ ਨੇ ਹਾਲੋਂ-ਬੇਹਾਲ ਹੋਈ ਪਈ ਮਾਂ ਨੂੰ ਆ ਪਿੱਛੋਂ ਜੱਫੀ ਪਾਈ..ਕਿਸਮਤ ਵਾਲੀ ਰਾਤੀ ਦਿੱਲੀਓਂ ਚੜੀ ਹੀ ਨਹੀਂ ਸੀ…ਸੌਣ ਦੀ ਬੜੀ ਸ਼ੋਕੀਨ ਸੀ ਤੇ ਰਾਤੀ ਇਸੇ ਕਾਰਨ ਕਰਕੇ ਹੀ ਗੱਡੀ ਮਿਸ ਕਰ ਗਈ !

ਫੇਰ ਜਦੋਂ ਪਤਾ ਲੱਗਾ ਕੇ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਏ ਤਾਂ ਦਿੱਲੀਓਂ ਕਾਰ ਕਰਕੇ ਹਾਦਸੇ ਵਾਲੀ ਜਗਾ ਤੇ ਪੁੱਜ ਗਈ..ਕਿਓੰਕੇ ਮਾਂ ਦਾ ਸੁਭਾ ਚੰਗੀ ਤਰਾਂ ਜਾਣਦੀ ਸੀ !

ਸੋ ਦੋਸਤੋ ਇੱਕ ਅਮ੍ਰਿਤਸਰ ਤੋਂ ਜਾਣਕਾਰ ਬਜ਼ੁਰਗ ਅਕਸਰ ਹੀ ਆਖਿਆ ਕਰਦੇ ਸਨ ਕੇ ਜੇ ਕਦੀ ਕਿਸੇ ਕਾਰਨ ਮੰਜਿਲ ਤੇ ਪਹੁੰਚਣ ਵਿਚ ਦੇਰੀ ਹੋ ਜਾਵੇ ਤਾਂ ਕਿਸੇ ਤੇ ਗੁੱਸਾ ਨਾ ਕੱਢਿਆ ਕਰੋ ਕਿਓੰਕੇ ਹੋ ਸਕਦਾ ਏ ਕੇ ਉੱਪਰ ਵਾਲੇ ਨੇ ਕੁਝ ਹੋਰ ਹੀ ਸੋਚ ਰਖਿਆ ਹੋਵੇ ਤੇ ਉਸ ਦੀ ਟਾਈਮਿੰਗ ਵੀ ਕਦੇ ਗਲਤ ਨਹੀਂ ਹੁੰਦੀ!

Harpreet Singh Jawanda