Tuesday , August 16 2022

ਜਾਅਲੀ ਨੰਬਰ ਵਾਲੀ ਗੱਡੀ ਦੀ ਵਰਤੋਂ ਕਰਨ ‘ਤੇ ਸੰਗਰੂਰ ਥਾਣੇ ਦਾ ਇੰਸਪੈਕਟਰ ਸਸਪੈਂਡ..

 

ਮਲੇਰਕੋਟਲਾ: ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਦੋਸ਼ੀਆਂ ਦੀ ਸਾਲ 2016 ‘ਚ ਸਮਾਣਾ ਵਿਖੇ ਕਾਰ ਰੋਕਣ ਦੀ ਕੋਸ਼ਿਸ਼ ਕਰਨ ਅਤੇ ਕਾਰ ਨਾ ਰੋਕਣ ‘ਤੇ ਗੋਲੀ ਚਲਾਉਣ ਵਾਲਾ ਐੱਸਐੱਚਓ ਹਰਵਿੰਦਰ ਸਿੰਘ ਖਹਿਰਾ ਇੱਕ ਵਾਰ ਫਿਰ ਸੁਰਖੀਆਂ ‘ਚ ਹੈ। ਜਾਣਕਾਰੀ ਮੁਤਾਬਕ ਮਲੇਰਕੋਟਲਾ ਦੀ ਜਿਊਡੀਸ਼ੀਅਲ ਕੋਰਟ ਕੰਪਲੈਕਸ ‘ਚ ਉਸ ਸਮੇਂ ਮਾਹੌਲ ਸ਼ੱਕੀ ਹੋ ਗਿਆ ਜਦੋਂ ਕੋਰਟ ਦਾ ਹੀ ਇੱਕ ਵਕੀਲ ਕੋਰਟ ਕੰਪਲੈਕਸ ਦੀ ਪਾਰਕਿੰਗ ‘ਚ ਖੜੀ ਆਪਣੀ ਸਵਿਫਟ ਕਾਰ ਲੈਣ ਲਈ ਆਇਆ। ਵਕੀਲ ਨੇ ਦੇਖਿਆ ਕਿ ਉਸਦੀ ਚਿੱਟੇ ਰੰਗ ਦੀ ਸਵਿਫਟ ਕਾਰ ਦੇ ਕੋਲ ਹੀ ਇੱਕ ਨੀਲੇ ਰੰਗ ਦੀ ਹੋਰ ਸਵਿਫਟ ਕਾਰ ਖੜੀ ਹੈ। ਦੋਵਾਂ ਸਵਿਫਟ ਕਾਰਾਂ ਦਾ ਨੰਬਰ ( PB 13 AA 7702 ) ਇੱਕੋ-ਜਿਹਾ ਸੀ।

Sangrur inspector suspended

ਵਕੀਲ ਵੱਲੋਂ ਤੜਤਾਲ ਕਰਨ ‘ਤੇ ਪਤਾ ਚੱਲਿਆ ਕਿ ਉਸਦੀ ਕਾਰ ਕੋਲ ਖੜੀ ਦੂਜੀ ਸਵਿਫਟ ਕਾਰ ਸੰਗਰੂਰ ਪੁਲਿਸ ਥਾਣੇ ‘ਚ ਤਾਇਨਾਤ ਇੰਸਪੈਕਟਰ ਹਰਵਿੰਦਰ ਸਿੰਘ ਖਹਿਰਾ ਦੀ ਹੈ। ਜੋ ਕਿ ਕਿਸੇ ਮੁਲਜ਼ਮ ਦੇ ਕੇਸ ਦੇ ਸਬੰਧ ‘ਚ ਜੱਜ ਬਿਕਰਮਦੀਪ ਸਿੰਘ ( JMIC ) ਦੀ ਕੋਰਟ ‘ਚ ਆਇਆ ਸੀ। ਮਲੇਰਕੋਟਲਾ ਦੀ ਪ੍ਰੈਸੀਡੈਂਟ ਬਾਰ ਵੱਲੋਂ ਸਥਾਨਕ ਥਾਣੇ ‘ਚ ਇਸ ਸਬੰਧੀ ਫੋਨ ‘ਤੇ ਸ਼ਿਕਾਇਤ ਕਰਕੇ ਉੱਥੋਂ ਦੇ ਐੱਸਐੱਚਓ ਨੂੰ ਮੌਕੇ ‘ਤੇ ਬੁਲਾ ਕੇ ਕਾਰ ਦੀ ਤਲਾਸ਼ੀ ਲਈ ਗਈ।

Sangrur inspector suspended

ਤਲਾਸ਼ੀ ਦੌਰਾਨ ਕਾਰ ਵਿੱਚੋਂ ਇੱਕ ਪਿਸਤੌਲ, ਇੱਕ ਡਰਾਈਵਿੰਗ ਲਾਇਸੈਂਸ ਅਤੇ ਕੁਝ ਰੁਪਏ ਬਰਾਮਦ ਹੋਏ। ਪੂਰੇ ਮਾਮਲੇ ਦਾ ਪਤਾ ਲੱਗਣ ‘ਤੇ ਇੰਸਪੈਕਟ ਹਰਵਿੰਦਰ ਸਿੰਘ ਖਹਿਰਾ ਆਪਣੀ ਕਾਰ ਕੋਰਟ ਕੰਪਲੈਕਸ ਦੀ ਪਾਰਕਿੰਗ ‘ਚ ਹੀ ਛੱਡ ਕੇ ਉੱਥੋਂ ਚਲਾ ਗਿਆ। ਐਡਵੋਕੇਟ ਮੋਹਦ ਫਾਰੂਕ ਵੱਲੋਂ ਇਸ ਮਾਮਲੇ ਸਬੰਧੀ ਇੱਕ ਈ-ਮੇਲ ਜ਼ਰੀਏ ਪੰਜਾਬ ਪੁਲਿਸ ਦੇ ਡੀ.ਜੀ.ਪੀ. ਨੂੰ ਸ਼ਿਕਾਇਤ ਕੀਤੀ ਗਈ। ਜਿਸਦੇ ਬਾਅਦ ਤੁਰੰਤ ਪ੍ਰਭਾਵ ਨਾਲ ਇੰਸਪੈਕਟਰ ਹਰਵਿੰਦਰ ਸਿੰਘ ਖਹਿਰਾ ਨੂੰ ਸਸਪੈਂਡ ਕਰ ਦਿੱਤਾ ਗਿਆ ਅਤੇ ਜਾਂਚ ਕਰਨ ਦਾ ਆਦੇਸ਼ ਦਿੱਤਾ ਗਿਆ।

Sangrur inspector suspended

ਜ਼ਿਕਰਯੋਗ ਹੈ ਕਿ ਇੰਸਪੈਕਟਰ ਹਰਵਿੰਦਰ ਸਿੰਘ ਖਹਿਰਾ ਸਾਲ 2016 ‘ਚ ਵੀ ਸੁਰਖੀਆਂ ‘ਚ ਰਹਿ ਚੁੱਕੇ ਹਨ। ਉਸ ਸਮੇਂ ਹਰਵਿੰਦਰ ਸਿੰਘ ਖਹਿਰਾ ਥਾਣਾ ਸਮਾਣਾ ਸਦਰ ਦੇ ਐੱਸਐੱਚਓ ਤਾਇਨਾਤ ਸਨ। ਖਹਿਰਾ ਵੱਲੋਂ 26 ਨਵੰਬਰ 2016 ਨੂੰ ਨਾਭਾ ਜੇਲ੍ਹ ਬ੍ਰੇਕ ਕਾਂਡ ਤੋਂ ਬਾਅਦ ਸਮਾਣਾ ਵਿਖੇ ਇਕ ਕਾਰ ਨੂੰ ਰੋਕਣ ਦੀ ਕੋਸ਼ਿਸ ਕੀਤੀ ਗਈ ਸੀ। ਪਰ ਕਾਰ ਨਾ ਰੁਕਣ ‘ਤੇ ਖਹਿਰਾ ਵਲੋਂ ਗੋਲੀ ਚਲਾ ਦਿੱਤੀ ਗਈ ਸੀ। ਜਿਸ ਵਿਚ ਇਕ ਆਰਕੈਸਟਰਾ ਕਲਾਕਾਰ ਦੀ ਮੌਤ ਹੋ ਗਈ ਸੀ। ਜਿਸਦੇ ਬਾਅਦ ਭਾਵੇਂ ਕਿ ਪਰਿਵਾਰ ਨਾਲ ਸਮਝੌਤਾ ਕਰਨ ਮਗਰੋਂ ਪਰਿਵਾਰ ਨੇ ਕਿਸੇ ਵੀ ਕਾਰਵਾਈ ਕਰਨ ਤੋਂ ਟਾਲਾ ਵੱਟ ਲਿਆ ਸੀ।

Sangrur inspector suspended