ਜਲੰਧਰ ਚ ਵੱਡੀ ਵਾਰਦਾਤ, ਨੌਜਵਾਨ ਨੂੰ ਅਗਵਾ ਕਰਕੇ ਵੱਢੇ ਉਸਦੇ
ਜਲੰਧਰ ਦੇ ਥਾਣਾ ਮਕਸੂਦਾਂ ਅਧੀਨ ਪੈਂਦੇ ਨੰਦਨਪੁਰ ‘ਚੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਵਿਸ਼ਾਲ ਸਟੂਡੀਓ ਦੇ ਮਾਲਕ ਨੂੰ ਦੋ ਨੌਜਵਾਨਾਂ ਵੱਲੋਂ ਅਗਵਾ ਕਰਕੇ ਉਸ ਦੇ ਕੰਨ ਅਤੇ ਉਂਗਲੀਆਂ ਵੱਢ ਕੇ ਉਸ ਨੂੰ ਜ਼ਖਮੀ ਹਾਲਤ ‘ਚ ਪਿੰਡ ਰਾਏਪੁਰ ਬੱਲਾ ‘ਚ ਸੁੱਟ ਗਏ। ਜਾਣਕਾਰੀ ਦਿੰਦੇ ਹੋਏ ਜ਼ਖਮੀ ਵਿਅਕਤੀ ਦੇ ਭਰਾ ਗੋਪੀ ਨੇ ਦੱਸਿਆ ਕਿ ਉਸ ਦੇ ਭਰਾ ਦਾ ਨੰਦਨਪੁਰ ਰੋਡ ‘ਤੇ ਫੋਟੋ ਸਟੂਡੀਓ ਹੈ ਅਤੇ ਖੁਦ ਵੀ ਉਹ ਫੋਟੋਗ੍ਰਾਫੀ ਕਰਦਾ ਹੈ।
ਰਾਤ ਨੂੰ ਜਦੋਂ ਸਟੂਡੀਓ ਬੰਦ ਕਰਕੇ ਉਹ ਆਪਣੀ ਸਕੂਟਰੀ ‘ਤੇ ਵਾਪਸ ਆ ਰਿਹਾ ਸੀ ਤਾਂ ਵੇਰਕਾ ਮਿਲਕ ਪਲਾਂਟ ਦੇ ਕੋਲੋਂ ਦੋ ਨੌਜਵਾਨਾਂ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਪਿੰਡ ਬੱਲਾ ਦੇ ਕੋਲ ਉਸ ਦੇ ਕੰਨ ਅਤੇ ਉਂਗਲੀਆਂ ਵੱਢ ਕੇ ਸੁੰਨਸਾਨ ਥਾਂ ‘ਤੇ ਸੁੱਟ ਦਿੱਤਾ।
ਜ਼ਖਮੀ ਹਾਤਲ ‘ਚ ਕਿਸੇ ਤਰ੍ਹਾਂ ਵਿਸ਼ਾਲ ਬਾਹਰ ਮੇਨ ਰੋਡ ‘ਤੇ ਪਹੁੰਚਿਆ ਅਤੇ ਲੋਕਾਂ ਤੋਂ ਮਦਦ ਮੰਗ ਕਰਕੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ। ਲੋਕਾਂ ਨੇ ਜ਼ਖਮੀ ਹਾਲਤ ‘ਚ ਵਿਸ਼ਾਲ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਵਿਸ਼ਾਲ ਨੇ ਦੱਸਿਆ ਕਿ ਜਿਹੜੇ ਨੌਜਵਾਨਾਂ ਨੇ ਉਸ ਨੂੰ ਅਗਵਾ ਕੀਤਾ ਹੈ, ਉਹ ਉਸ ਦੀ ਮਾਸੀ ਦੇ ਘਰ ਮਕਸੂਦਾਂ ਦੇ ਕੋਲ ਹੀ ਰਹਿੰਦੇ ਹਨ ਅਤੇ ਉਨ੍ਹਾਂ ਦਾ ਕਿਸੇ ਲੜਕੀ ਨਾਲ ਸਬੰਧ ਹਨ।
ਦੋਸ਼ੀ ਉਸ ਨੂੰ ਕਹਿ ਰਹੇ ਸਨ ਕਿ ਤੂੰ ਉਨ੍ਹਾਂ ਦੇ ਬਾਰੇ ਉਨ੍ਹਾਂ ਦੀ ਮਹਿਲਾ ਮਿੱਤਰ ਨਾਲ ਉਨ੍ਹਾਂ ਦੇ ਖਿਲਾਫ ਗੱਲ੍ਹਾਂ ਕੀਤੀਆਂ ਹਨ, ਜਿਸ ਕਾਰਨ ਉਨ੍ਹਾਂ ਨੇ ਵਿਸ਼ਾਲ ਨੂੰ ਅਗਵਾ ਕਰਨ ਤੋਂ ਬਾਅਦ ਉਂਗੀਲਆਂ ਤੇ ਕੰਨ ਵੱਢ ਕੇ ਮਰਨ ਲਈ ਸੁੱਟ ਦਿੱਤਾ ਸੀ। ਮਾਮਲੇ ਦੀ ਜਾਣਕਾਰੀ ਮਕਸੂਦਾਂ ਪੁਲਸ ਨੂੰ ਦੇ ਦਿੱਤੀ ਗਈ ਹੈ। ਜਾਂਚ ਅਧਿਕਾਰੀ ਕੁਲਬੀਰ ਸਿੰਘ ਏ.ਐੱਸ.ਆਈ. ਨੇ ਦੱਸਿਆ ਕਿ ਮਾਮਲੇ ਦਰਜ ਕਰਕੇ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।