Sunday , September 25 2022

ਚਾਨੋਂ ਇੱਕ ਰਾਜਸਥਾਨੀ ਔਰਤ ਦੀ ਸੱਚੀ ਦਾਸਤਾਨ

“ਚਾਨੋਂ ”

( ਚਾਨੋਂ ਮਾਰਵਾੜੀ ਬੋਲੀ ਬੋਲਦੀ ਸੀ ਰਾਜਸਥਾਨੀ ਭਾਸ਼ਾ ,ਪਰ ਮੈਂ ਉਸਦੀ ਸਾਰੀ ਵਾਰਤਾ ਪੰਜਾਬੀ ਚ ਲਿਖਾਂਗੀ,ਇਕ ਦੋ ਠੇਠ ਸ਼ਬਦਾਂ ਤੋਂ ਇਲਾਵਾ)

ਜਦੋਂ ਮੈਂ ਜੋਧਪੁਰ ਪੜਨ ਗਈ ਤਾਂ ਮੇਰੀ ਉਮਰ ਸਤਾਰਾਂ ਕੁ ਵਰਿਆਂ ਦੇ ਕਰੀਬ ਹੋਣੀ ਏ ,ਸ਼ਹਿਰ ਬਹੁਤ ਸੋਹਣਾ ਸੀ, ਪਰ ਜਾਂਦਿਆਂ ਹੀ ਸਭ ਤੋਂ ਵੱਡੀ ਦਿੱਕਤ ਸੀ ਕਿ ਉਥੇ ਕੋਈ ਰੋਟੀ।

ਬਣਾਕੇਦੇਣ ਵਾਲਾ ਨਹੀਂ ਸੀ ,ਤੇ ਇੰਨੀ ਦੂਰ ਘਰ ਤੋਂ ਮੇਰੇ ਤੇ ਮੇਰੀ ਸਹੇਲੀ ਲਈ (ਜਿਹੜੀ ਫਰੀਦਾਬਾਦ ਤੋਂ ਸੀ) ਰਸੋਈ ਦਾ ਸਮਾਨ ਜਟਾਉਣਾ ਤਾਂ ਸੌਖਾ ਸੀ ਪਰ ਦਿੱਕਤ ਚੁੱਲੇ ਤੇ ਸਲਿੰਡਰ ਦੀ ਸੀ।

ਕੁੱਝ ਕੁ ਦਿਨ ਅਸੀਂ ਜਿਨਾਂ ਦੇ ਮਕਾਨ ਚ ਕਮਰਾ ਲਿਆ ਸੀ ਉਨਾਂ ਦੇ ਘਰ ਰੋਟੀ ਖਾ ਕੇ ਸਾਰਿਆ, ਡਾਢੀ ਔਖ ਇਹ ਸੀ ਵੀ ਉਹ ਸਾਰਾ ਹੀ ਟੱਬਰ ਸਵੇਰੇ ਰੋਟੀ ਨੀਂ ਸੀ ਖਾਂਦਾ।

ਇਸ ਲਈ ਸਾਨੂੰ ਵੀ ਬਰੈੱਡ ਤੇ ਚਾਹ ਦੇ ਕੱਪ ਨਾਲ ਹੀ ਗੁਜ਼ਾਰਾ ਕਰਨਾਂ ਪੈਂਦਾ, ਤੇ ਫਿਰ ਮਕਾਨ ਮਾਲਕਣ ਆਂਟੀ ਨੇ ਮਿਲਾਇਆ ਸਾਨੂੰ ਚਾਨੋਂ ਨਾਲ। ਉਹ ਕਾਲਜਾਂ ਦੇ ਮੁੰਡੇ ਕੁੜੀਆਂ ਤੇ ਸਰਵਿਸ ਵਾਲੇ ਲੋਕਾਂ ਲਈ ਟਿਫਨ ਤਿਆਰ ਕਰਦੀ ਸੀ ਤੇ ਉਹਨੇਂ ਦੋ ਤਿੰਨ ਮੁੰਡੇ ਰੱਖੇ ਹੋਏ ਸੀ , ਇਹ ਸਾਰਾ ਕੰਮਕਾਰ ਭੁਗਤਾਉਣ ਲਈ। ਹਫਤੇ ਚ ਦੋ ਤਿੰਨ ਵਾਰ ਉਹ ਆਪ ਵੀ ਆਉਂਦੀ ਹੁੰਦੀ ਸੀ ਸਾਡੇ ਕੋਲ।

ਜਦ ਮੈਨੂੰ ਉਹ ਪਹਿਲੇ ਦਿਨ ਮਿਲੀ ਤਾਂ ਉਸ ਦਿਨ ਹੀ ਮੈਨੂੰ ਉਹ ਬੜੀ ਖੂਬਸੂਰਤ ਲੱਗੀ ,ਪਤਲੇ ਜਿਹੇ ਸਰੀਰ ਦੀ ਲੰਮੇ ਜਿਹੇ ਕੱਦ ਦੀ , ਜਦੋਂ ਆਂਟੀ ਨੇ ਦੱਸਿਆ ਵੀ ਇਹ ਪੰਜਾਬੋਂ ਏ ਤੇ ਆਹ ਸ਼ਵੇਤਾ ਫਰੀਦਾਬਾਦ ਤੋਂ, ਤਾਂ ਕਹਿੰਦੀ ਪੰਜਾਬ ਦੀਆਂ ਕੁੜੀਆਂ ਤੇ ਕਸ਼ਮੀਰ ਦੀਆਂ ਕੁੜੀਆਂ ਬੜੀਆਂ ਸੋਹਣੀਆਂ ਹੁੰਦੀਆਂ ਨੇਂ ??????ਤਾਂ ਮੈਂ ਤਾਂ ਪਹਿਲੇ ਦਿਨ ਹੀ ਚਾਨੋਂ ਦੀ ਮੁਰੀਦ ਹੋ ਗਈ। ਤਾਰੀਫਾਂ ਦੇ ਟੋਕਰੇ ਭਰਕੇ ਜੋ ਮੇਰੀ ਝੋਲੀ ਪਾ ਗਈ ਸੀ ਚੰਦਰੀ।

ਉਂਝ ਤੇ ਭਾਵੇਂ ਰਾਜਸਥਾਨ ਦੀਆਂ ਸਾਰੀਆਂ ਜਨਾਨੀਆਂ ਹੀ ਗੂੜੇ ਸੂਹੇ ਰੰਗਾਂ ਚ ਲਿਪਟੀਆਂ ਸ਼ਿੰਗਾਰੀਆਂ ਦਿਸਦੀਆਂ ਨੇਂ ਪਰ ਚਾਨੋਂ ਤਾ ਬਹੁਤੇ ਗੂੜੇ ਰੰਗ ਪਾਉਂਦੀ ਸੀ ,ਚੌਂਹ ਨਿਆਣਿਆਂ ਦੀ ਮਾਂ ਸੀ ਪਰ ਲੱਗਦੀ ਜਿਓਂ ਕੋਈ ਕੁੜੀ ਚਿੜੀ ਹੋਵੇ, ਮਾਰਵਾੜੀ ਗਾਣੇ ਬੜੇ ਗਾਓਂਦੀ ਸੀ,ਜਦੋਂ ਉਹਨੇਂ ਆਉਣਾਂ ਤਾਂ ਦੂਰੋਂ ਹੀ ਉਹਦੀਆਂ ਭਾਰੀਆਂ ਝਾਂਜਰਾਂ ਦੀ ਛਨ ਛਨ ਕੰਨੀਂ ਪੈਂਦੀ ਸੀ।

ਫਿਰ ਆਣ ਕੇ ਪੁੱਛਿਆ ਕਰਦੀ ” ਏ ਪੰਜਾਬਣ ਰੋਟੀ ਚੋਖੀ ਏ” ਉਹਦੀ ਰੀਸ ਨਾਲ ਹੀ ਚੰਗੀ ਨੂੰ ਚੋਖੀ ਹੀ ਆਖਣ ਲੱਗ ਪਈਆਂ ਅਸੀਂ, ਫਿਰ ਕਦੀ ਕਦੀ ਉਹ ਰੁਖਸਾਰ ਆਂਟੀ ਨਾਲ ਗੱਲਾਂ ਕਰਦੀ ।ਹੱਸਦੀ ਹੱਸਦੀ ਗੰਭੀਰ ਹੋ ਜਾਂਦੀ।

ਫਿਰ ਰੁਖਸਾਰ ਆਂਟੀ ਦੱਸਦੀ “ਇਹਦਾ ਸਾਂਈ ਬੜਾ ਡਾਢਾ ਤੇ ਨਿੱਤ ਦਾ ਸ਼ਰਾਬੀ ਏ, ਬੜਾ ਕੁੱਟਦਾ ਏ ਇਹਨੂੰ, ਉਮਰ ਦਾ ਵੀ ਡੂਢਾ ਇਹਦੇ ਨਾਲੋਂ,ਮਾਰਵਾੜੀ ਬੋਲੀ ਚ ਆਂਟੀ ਉਹਨੂੰ ਬਦ ਦੁਆਵਾਂ ਦਿੰਦੀ । ਉਸਤੋਂ ਬਾਅਦ ਚਾਨੋਂ ਮੈਨੂੰ ਹੋਰ ਵੀ ਪਿਆਰੀ ਤੇ ਸੋਹਣੀ ਲੱਗਣ ਲੱਗ ਪਈ ,
ਭੱਠੀ ਚ ਤਪਦੇ ਸੋਨੇ ਜਿਹੀ ਸੂਹੀ -ਸੂਹੀ ਚਾਨੋਂ । ਹੌਲੀ ਹੌਲੀ ਸਾਡੇ ਕੋਲ ਆਣ ਕੇ ਬੈਠ ਜਾਇਆ ਕਰਦੀ ਕਦੀ ਕਦੀ , ਫਿਰ ਇਕ ਦਿਨ ਸੁਣੀਂ ਚਾਨੋਂ ਦੇ ਢਿੱਡ ਦੀ ਪੀੜ, ਭਾਵੇਂ ਉਦੋਂ ਉਮਰ ਛੋਟੀ ਸੀ ਤੇ ਚਾਨੋਂ ਦਾ ਦੁੱਖ ਏਡਾ ਨਹੀਂ ਸੀ ਲੱਗਿਆ , ਜਿੰਨਾਂ ਵੱਡਾ ਹੁਣ ਸੋਚਦੀ ਹਾ ਤਾਂ ਲੱਗਦਾ ਏ।

ਚਾਨੋਂ ਕਹਿੰਦੀ ” ਮਾਰਾ ਬਾਪ ਮਾਰੀ ਮਾਂ ਨੂੰ ਬਹੁਤ ਕੁੱਟਦਾ ਸੀ, ਤੇ ਆਹ ਮਾਰਾ ਸਾਂਈ, ਗਣਾ ਪੱਕਾ ਯਾਰ ਸੀ ਉਹਦਾ, ਬਾਪੂ ਤੋਂ ਘਰ ਦੀ ਰੋਟੀ ਮਸਾਂ ਤੁਰਦੀ ਸੀ ਤੇ ਮੇਰੀਆਂ ਦੋ ਹੋਰ ਭੈਣਾਂ ਚੋਂ ਮੈਂ ਸਭ ਤੋਂ ਵੱਡੀ ਇਹਨੇਂ ਖਰੀਦਿਆ ਸੈ ਮਾਰੇ ਬਾਪ ਤੋਂ ਮੈਨੂੰ।

“ਬਹੁਤ ਮਾਰਦਾ ਸੀ ਮੈਨੂੰ ਇਓ ਵੀ,ਪਹਿਲਾਂ ਗਣਾ ਜਿਆਦਾ ਮਾਰਿਆ ਕਰਦਾ ਸੀ ,ਪਰ ਪੰਜ ਸਾਲ ਪਹਿਲਾਂ ਆਰਮੀ ਦਾ ਇਕ ਅਫਸਰ ਆਇਆ ਸੀ ਜੋਧਪੁਰ ਚਾਰ ਸਾਲ ਲਈ,ਉਸਦੀ ਬੀਵੀ ਕੋਲ ਮੈਂ ਖਾਣਾ ਬਣਾਇਆ ਕਰਦੀ ਸੀ, ਉਸ ਮੇਮ ਸਾਹਬ ਨੇਂ ਆਖਿਆ ਮੈਨੂੰ ਜਾਣ ਲੱਗੇ” ਕਿ ਚਾਨੋਂ ਤੂੰ ਰੋਟੀ ਕਾ ਕਾਮ ਸ਼ੁਰੂ ਕਰ ਲੇ, ਮੈਂ ਸਾਲ ਭਰ ਖਾਣਾ ਬਣਾਇਆ ਉਨਾਂ ਦੇ ਘਰ ,ਮਾਰੇ ਟਾਬਰ ਭੁੱਖੇ ਮਰ ਰਹੇ ਸੀ ਤਾਂ ਮਾਰੇ ਨੂੰ ਗੱਲ ਜਚ ਗਈ । ਜਾਣ ਲਾਗੇ ਉਹੀਓ ਮੈਨੂੰ ਬਰਤਨ ਤੇ ਹੋਰ ਸਮਾਨ ਲੇ ਕਰ ਕੇ ਦੇ ਗਏ, ਤਬੀ ਸੇ ਇਓ ,,,,,,( ਉਹਨੇਂ ਗਾਲ ਕੱਢੀ) ਮਾਰੇ ਸੇ ਥੋੜਾ ਚਲੈ।

” ਅਬ ਤੋ ਮਾਰੇ ਸੇ ਪੀਸਾ ਮੰਗਦਾ ਦਾਰੂ ਲਈ। ਹੌਲੀ ਹੌਲੀ ਚਾਨੋਂ ਦੇ ਪੈਰ ਲੱਗਣ ਲੱਗ ਪਏ,ਤੇ ਉਹਦੇ ਸਾਈਂ ਦੀ ਪਕੜ ਚਾਨੋਂ ਤੇ ਹੁਣ ਪਹਿਲਾਂ ਵਰਗੀ ਨੀਂ ਸੀ ਰਹੀ। ਚਾਰ ਨਿਆਣਿਆਂ ਦੀ ਮਾਂ ਸੀ ਉਹ ਭਾਵੇਂ ਹੁਣ, ਪਰ ਹੈ ਤਾਂ ਫਿਰ ਵੀ ਮੁੱਲ ਲਿਆਂਦੀ ਤੀਵੀਂ ਹੀ, ਇਸ ਲਈ ਉਹ ਕਈ ਵਾਰ ਡਰਾਵੇ ਦਿੰਦਾਂ ਉਹਨੂੰ ਅਗਾਂਹ ਵੇਚ ਦੇਣ ਦੇ।

ਚਾਨੋਂ ਕਹਿੰਦੀ ਸੀ ਕਿ ਹੁਣ ਉਹਦੇ ਤੇ ਮੇਰੇ ਚ ਬਹੁਤੀ ਸਾਂਝ ਨੀਂ ਕੋਈ,ਉਹਦੀ ਛੱਤ ਥੱਲੇ ਬੈਠੀ ਹਾਂ ਬਸ ਪਰ ਚਲਾ ਘਰ ਮੈਂ ਹੀ ਰਹੀ ਹਾਂ,ਇਸ ਲਈ ਬਹੁਤਾ ਵਾਸਤਾ ਨੀਂ ਰਿਹਾ ਮੇਰੇ ਉਹਦੇ ਨਾਲ। ਇਓਂ ਸਮਾਂ ਮਿਲਦਿਆਂ ਅਕਸਰ ਹੀ ਚਾਨੋਂ ਆਂਟੀ ਰੁਖਸਾਰ ਨਾਲ ਆਪਣੇ ਘਰ ਤੇ ਮਾਂ ਦੀਆਂ ਗੱਲਾਂ ਛੇੜ ਲੈਂਦੀ। ਸ਼ਾਇਦ ਉਹਦੇ ਅੰਦਰ ਆਪਣੀਂ ਮਾਂ ਲਈ ਡਾਢਾ ਮੋਹ ਤੇ ਪਿਓ ਦੀ ਗਰੀਬੀ ਲਈ ਦਰਦ ਹਲੇ ਵੀ ਬਾਕੀ ਸੀ।

ਸਾਡੇ ਪਹਿਲੇ ਸਮੈਸਟਰ ਦੇ ਪੇਪਰਾਂ ਚ ਕੁੱਝ ਕੁ ਦਿਨ ਹੀ ਬਾਕੀ ਸੈਣ ਕਿ ਇਕ ਦਿਨ ਸਵੇਰੇ ਸਵੇਰੇ ਹੀ ਸੁਣ ਲਿਆ ,ਸਾਰੀ ਗਲੀ ਚ ਕੁਰਬਲ ਕੁਰਬਲ ਸੀ ਤੇ ਕੰਨਾਂ ਨਾਲ ਮੂੰਹ ਜੋੜ ਆਪਸ ਚ ਹਰ ਕੋਈ ਗੱਲ ਕਰ ਰਿਹਾ ਸੀ ਕਿ ਚਾਨੋਂ ਨੇਂ ਆਪਣੇ ਆਪ ਤੇ ਮਿੱਟੀ ਦਾ ਤੇਲ ਪਾਕੇ ਸਾੜ ਲਿਆ ਏ ਖੁਦ ਨੂੰ,ਇਸ ਦੁਨੀਆਂ ਨੂੰ ਅਲਵਿਦਾ ਕਹਿਣ ਲੱਗਿਆਂ ਖੌਰੇ ਕਿਹੜੀ ਪੀੜ ਸੀ ਚਾਨੋਂ ਦੇ ਅੰਦਰ ਵੀ ਉਹਨੇਂ ਆਪਣੇ ਨਿਆਣਿਆਂ ਬਾਰੇ ਵੀ ਨਾਂ ਸੋਚਿਆ।

ਕਈ ਦਿਨਾਂ ਬਾਅਦ ਗੱਲਾਂ ਹੋ ਰਹੀਆਂ ਸੀ ਕਿ ਉਹਦਾ ਸਾਂਈ ਸ਼ਾਇਦ ਉਹਨੂੰ ਕਿਤੇ ਹੋਰ ਵੇਚ ਰਿਹਾ ਸੀ, ਭਾਵੇਂ ਆਪਣੀ ਕੀਮਤ ਤੋਂ ਜਿਆਦਾ ਉਹ ਕਮਾ ਕੇ ਦਿੰਦੀ ਸੀ ਉਹਨੂੰ ਪਰ ਸਾਂਈ ਨੇ ਆਪਣੇ ਹੰਕਾਰ ਦਾ ਮੁੱਲ ਕੁੱਝ ਜਿਆਦਾ ਹੀ ਲਾ ਲਿਆ ਸੀ ਸ਼ਾਇਦ। ਅਖੀਰ ਚਾਨੋਂ ਦੀਆਂ ਝਾਂਜਰਾਂ ਦੀ ਛਨ ਛਨ ਉਨਾਂ ਗਲੀਆਂ ਲਈ ਯਾਦਾਂ ਬਣਕੇ ਰਹਿ ਗਈ, ਤੇ ਮਾਰਵਾੜੀ ਗੀਤਾਂ ਨੂੰ ਗੁਣ ਗਣਾਉਣ ਵਾਲੀ ਚਾਨੋਂ ਦੇ ਹੱਥਾਂ ਦਾ ਸੁਆਦ ਸ਼ਾਇਦ ਹੀ ਮੈਂ ਕਦੀ ਭੁੱਲ ਸਕਾਂ।

Rupinder Sandhu