ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸ਼ਹਿਰੀ ਯੋਜਨਾਬੰਦੀ ਤੇ ਵਿਕਾਸ ਅਥਾਰਟੀ (ਪੁੱਡਾ) ਵਿੱਚ ਤਕਨੀਕੀ ਅਤੇ ਗੈਰ-ਤਕਨੀਕੀ ਵੱਖ-ਵੱਖ ਕਾਡਰਾਂ ਦੀਆਂ 167 ਅਸਾਮੀਆਂ ਦੀ ਸਿੱਧੀ ਭਰਤੀ ਲਈ ਹਰੀ ਝੰਡੀ ਦੇ ਦਿੱਤੀ ਹੈ।
ਇਹ ਫੈਸਲਾ ਪੁੱਡਾ ਦੇ ਹੇਠ ਵਿਸ਼ੇਸ਼ ਵਿਕਾਸ ਅਥਾਰਟੀਜ਼ ਦੇ ਕੰਮ-ਕਾਜ ਵਿੱਚ ਸੁਧਾਰ ਲਿਆਉਣ ਤੇ ਦਰੁਸਤ ਕਰਨ ਦੇ ਉਦੇਸ਼ ਵਜੋਂ ਲਿਆ ਗਿਆ ਹੈ ਕਿਉਂਕਿ ਵੱਖ-ਵੱਖ ਕਾਡਰਾਂ ਦੇ ਵੱਡੀ ਗਿਣਤੀ ਮੁਲਾਜ਼ਮਾਂ ਦੇ ਪਿਛਲੇ ਕੁਝ ਸਾਲਾਂ ਦੌਰਾਨ ਸੇਵਾ ਮੁਕਤ ਹੋ ਜਾਣ ਕਾਰਨ ਇਹ ਅਸਾਮੀਆਂ ਖਾਲੀ ਸਨ ਜਿਨ੍ਹਾਂ ਨੂੰ ਭਰਿਆ ਜਾ ਰਿਹਾ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਭਾਗ ਦੇ ਦਫਤਰਾਂ/ਬਰਾਂਚਾਂ ਵਿੱਚ ਕੰਮ ਦਾ ਬੋਝ ਵਧਣ ਕਾਰਨ ਤਕਨੀਕੀ ਤੇ ਗੈਰ-ਤਕਨੀਕੀ ਅਸਾਮੀਆਂ ਦੀ ਸਿੱਧੀ ਭਰਤੀ ਦੀ ਜ਼ਰੂਰਤ ‘ਤੇ ਮੀਟਿੰਗ ਦੌਰਾਨ ਜ਼ੋਰ ਦਿੱਤਾ ਗਿਆ। ਬੁਲਾਰੇ ਅਨੁਸਾਰ ਇਸ ਸਮੇਂ ਦੌਰਾਨ ਵੱਖ-ਵੱਖ ਵਿਕਾਸ ਅਥਾਰਟੀਆਂ ਦੇ ਅਧਿਕਾਰ ਖੇਤਰ ਦਾ ਵੀ ਪਸਾਰਾ ਹੋਇਆ ਹੈ ਜਿਸ ਦੇ ਨਤੀਜੇ ਵਜੋਂ ਕੰਮ ਵਧ ਗਿਆ ਹੈ।
ਕੰਮਕਾਜ ਨੂੰ ਦਰੁਸਤ ਬਣਾਉਣ ਅਤੇ ਇਸ ਸੰਸਥਾ ਨੂੰ ਮਜ਼ਬੂਤ ਕਰਨ ਵਾਸਤੇ ਭਰਤੀ ਦੀ ਕਾਫੀ ਅਹਿਮੀਅਤ ਹੋਣ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਮੁੱਖ ਮੰਤਰੀ ਨੇ ਸਬ-ਡਵੀਜ਼ਨਲ ਅਫਸਰਾਂ (ਇਲੈਕਟ੍ਰਿਕਲ ਅਤੇ ਬਾਗਬਾਨੀ), ਜੂਨੀਅਰ ਇੰਜੀਨੀਅਰਾਂ (ਇਲੈਕਟ੍ਰਿਕਲ ਅਤੇ ਇਮਾਰਤਾਂ), ਡਰਾਫਟਮੈਨ (ਇੰਜਨੀਅਰਿੰਗ ਅਤੇ ਆਰਕੀਟੈਕਟ) ਤੇ ਲਾਅ ਅਫਸਰਾਂ ਤੇ ਕਲਰਕ ਕਮ ਡਾਟਾ ਐਂਟਰੀ ਓਪਰੇਟਰਾਂ ਦੀਆਂ ਗੈਰ-ਤਕਨੀਕੀ ਅਸਾਮੀਆਂ ਦੀ ਭਰਤੀ ਸਹਿਮਤੀ ਦੇ ਦਿੱਤੀ ਹੈ।