ਕੈਪਟਨ ਅਮਰਿੰਦਰ ਸਿੰਘ ਦੇਸ਼ ਦੇ ਮੰਤਰੀਆਂ ਚੋਂ ਤੀਜੇ ਸਭ ਤੋਂ ਅਮੀਰ ‘ਤੇ ‘ਬਜ਼ੁਰਗ’ ਮੁੱਖ ਮੰਤਰੀ
Capt Amarinder Singh Rich ਜਲੰਧਰ : ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ.ਡੀ.ਆਰ.) ਅਤੇ ਨੈਸ਼ਨਲ ਇਲੈਕਸ਼ਨ ਵਾਚ (ਨਵੀਂ) ਨੇ ਪੂਰੇ ਦੇਸ਼ ਦੇ ਰਾਜ ਵਿਧਾਨ ਸਭਾਵਾਂ ਅਤੇ ਕੇਂਦਰ ਸ਼ਾਸਿਤ ਰਾਜਾਂ ਵਿਚ ਮੌਜੂਦਾ ਮੁੱਖ ਮੰਤਰੀਆਂ ਦੇ ਸਵੈ-ਸਹੁੰ ਹਲਫੀਆਨਾ ਦਾ ਵਿਸ਼ਲੇਸ਼ਣ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇਸ਼ ਦੇ ਸਭ ਤੋਂ ਬਜ਼ੁਰਗ ਮੁੱਖ ਮੰਤਰੀ ਹਨ। ਜਦਕਿ ਜਾਇਦਾਦ ਦੇ ਮਾਮਲੇ ‘ਚ ਉਹ ਤੀਜੇ ਨੰਬਰ ‘ਤੇ ਹਨ। ਮੁੱਖ ਮੰਤਰੀ ਕੈਪਟਨ ‘ਤੇ ਕੁੱਲ 4 ਮਾਮਲੇ ਦਰਜ ਹਨ। ਇਹ ਦਾਅਵਾ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰੀਫਾਰਮ (ਏ.ਡੀ.ਆਰ.) ਵੱਲੋਂ ਜਾਰੀ ਇਕ ਰਿਪੋਰਟ ‘ਚ ਕੀਤਾ ਗਿਆ ਹੈ।
Capt Amarinder Singh Rich
29 ਸੂਬਿਆਂ ਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਬਾਰੇ ਜਾਰੀ ਕੀਤੀ ਇਸ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਦੇਸ਼ ਭਰ ਦੇ ਸਭ ਤੋਂ ਬਜ਼ੁਰਗ ਮੁੱਖ ਮੰਤਰੀਆਂ ‘ਚ ਪੰਜਾਬ ਦੇ 74 ਸਾਲਾਂ ਮੁੱਖ ਮੰਤਰੀ ਤੋਂ ਬਾਅਦ ਕੇਰਲ ਦੇ ਪਿਨਾਰਾਈ ਵਿਜੇਅਨ (72) ਤੇ ਮਿਜ਼ੋਰਮ ਦੇ 71 ਸਾਲਾਂ ਮੁੱਖ ਮੰਤਰੀ ਲਾਲ ਥਾਨਵਾਲਾ ਦਾ ਨਾਂ ਆਉਂਦਾ ਹੈ। ਇਸੇ ਤਰ੍ਹਾਂ ਅਰੁਣਾਚਾਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ (35) ਦੇਸ਼ ਦੇ ਸਭ ਤੋਂ ਨੌਜਵਾਨ ਮੁੱਖ ਮੰਤਰੀ ਹਨ। ਦੂਜੇ ਨੰਬਰ ‘ਤੇ ਮਹਾਰਾਸ਼ਟਰ ਦੇ ਦਵਿੰਦਰ ਫੜਨਵੀਸ (44) ਤੇ ਤੀਜੇ ਨੰਬਰ ‘ਤੇ ਯੂਪੀ ਦੇ ਯੋਗੀ ਅਦਿੱਤਿਆਨਾਥ (45) ਹਨ।
ਏ.ਡੀ.ਆਰ. ਵਲੋਂ ਜਾਰੀ ਰਿਪੋਰਟ ‘ਚ ਦੱਸਿਆ ਗਿਆ ਕਿ ਦੇਸ਼ ‘ਚ 100 ਕਰੋੜ ਤੋਂ ਵੀ ਵਧ ਚੱਲ-ਅਚੱਲ ਜਾਇਦਾਦ ਵਾਲੇ ਸਿਰਫ 2 ਮੁੱਖ ਮੰਤਰੀ ਹਨ। ਜਿਨ੍ਹਾਂ ‘ਚ ਪਹਿਲੇ ਨੰਬਰ ‘ਤੇ ਆਂਧਰਾ ਪ੍ਰਦੇਸ਼ ਦੇ ਚੰਦਰ ਬਾਬੂ ਨਾਇਡੂ ਤੇ ਅਰੁਣਾਚਲ ਪ੍ਰਦੇਸ਼ ਦੇ ਪੇਮਾ ਖਾਂਡੂ ਦੂਜੇ ਨੰਬਰ ‘ਤੇ ਹਨ। ਜਦਕਿ 10 ਤੋਂ 50 ਕਰੋੜ ਦੀ ਜਾਇਦਾਦ ਵਾਲੇ 6 ਮੁੱਖ ਮੰਤਰੀ ਹਨ, ਜਿਨ੍ਹਾਂ ‘ਚ ਸਭ ਤੋਂ ਪਹਿਲੇ ਨੰਬਰ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਆਉਂਦਾ ਹੈ, ਜਿਨ੍ਹਾਂ ਦੀ ਕੁੱਲ ਜਾਇਦਾਦ 48,31,71,009 ਰੁਪਏ ਹੈ।
ਇਸੇ ਤਰ੍ਹਾਂ ਸਭ ਤੋਂ ਘੱਟ ਜਾਇਦਾਦ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਰਕਾਰ ਕੋਲ ਹੈ, ਜਿਨ੍ਹਾਂ ਕੋਲ 24,63,195 ਰੁਪਏ ਦੀ ਚੱਲ ਤੇ 2,20,000 ਰੁਪਏ ਦੀ ਅਚੱਲ ਜਾਇਦਾਦ ਹੈ। ਰਿਪੋਰਟ ਮੁਤਾਬਕ ਸਭ ਤੋਂ ਘੱਟ ਜਾਇਦਾਦ ਵਾਲੇ ਮੁੱਖ ਮੰਤਰੀਆਂ ‘ਚ ਦੂਜੇ ਨੰਬਰ ‘ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਨਾਂ ਆਉਂਦਾ ਹੈ, ਜਿਨ੍ਹਾਂ ਕੋਲ 30,45,013 ਰੁਪਏ ਦੀ ਚੱਲ ਜਾਇਦਾਦ ਤਾਂ ਹੈ ਪਰ ਕਿਸੇ ਤਰ੍ਹਾਂ ਦੀ ਕੋਈ ਅਚੱਲ ਜਾਇਦਾਦ ਨਹੀਂ ਹੈ। ਇਸੇ ਤਰਾਂ ਦੇਸ਼ ਦੇ 31 ਮੁੱਖ ਮੰਤਰੀਆਂ ‘ਚੋਂ 25 ਮੁੱਖ ਮੰਤਰੀ ਕਰੋੜਪਤੀ ਹਨ।
ਰਿਪੋਰਟ ‘ਚ ਇਹ ਵੀ ਦੱਸਿਆ ਗਿਆ ਹੈ ਕਿ ਦੇਸ਼ ਦੇ ਤਿੰਨ ਮੁੱਖ ਮੰਤਰੀ 12ਵੀਂ ਪਾਸ ਹਨ। ਦੇਸ਼ ਦੇ 12 ਮੁੱਖ ਮੰਤਰੀਆਂ ਨੇ ਗ੍ਰੈਜੁਏਸ਼ਨ, 10 ਨੇ ਪ੍ਰੋਫੈਸ਼ਨਲ ਗ੍ਰੈਜੁਏਸ਼ਨ, 5 ਪੋਸਟ ਗ੍ਰੈਜੁਏਸ਼ਨ ਤੇ ਸਿਰਫ ਇਕ ਕੋਲ ਡਾਕਟ੍ਰੇਟ ਦੀ ਡਿਗਰੀ ਹੈ। ਕ੍ਰਾਈਮ ਰਿਕਾਰਡ ਦੇ ਮਾਮਲੇ ‘ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਪਹਿਲੇ ਨੰਬਰ ‘ਤੇ ਹਨ, ਜਿਨ੍ਹਾਂ ‘ਤੇ ਕੁੱਲ 22 ਮਾਮਲੇ ਦਰਜ ਹਨ। ਇਸ ਤੋਂ ਬਾਅਦ ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜੇਅਨ ਦਾ ਨਾਂ ਆਉਂਦਾ ਹੈ। ਇਨ੍ਹਾਂ ‘ਤੇ ਕੁੱਲ 11 ਮਾਮਲੇ ਦਰਜ ਹਨ। ਝਾਰਖੰਡ ਦੇ ਰਘੂਬਰਦਾਸ ‘ਤੇ 8, ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ‘ਤੇ 4-4 ਮਾਮਲੇ ਦਰਜ ਹਨ।