ਉਪਮੰਡਲ ਦੇ ਅਧੀਨ ਪੈਂਦੇ ਪਿੰਡ ਢੰਡੀਆਂ ਵਿਚ ਚਰਿੱਤਰ ‘ਤੇ ਸ਼ੱਕ ਕਰਨ ਦੇ ਚਲਦਿਆਂ ਪਤੀ ਵਲੋਂ ਪਤਨੀ ਦੀ ਹੱਤਿਆ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਉਧਰ ਸਦਰ ਥਾਣਾ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਫਾਜ਼ਿਲਕਾ ਭੇਜ ਦਿੱਤਾ ਹੈ ਅਤੇ ਔਰਤ ਦੇ ਭਰਾ ਉਡੀਕ ਚੰਦ ਵਾਸੀ ਮੋਜਮ ਦੇ ਬਿਆਨਾਂ ‘ਤੇ ਬਲਵੰਤ ਸਿੰਘ ਖਿਲਾਫ ਧਾਰਾ 302 ਦੇ ਤਹਿਤ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦਿਆਂ ਥਾਣਾ ਸਦਰ ਮੁਖੀ ਭੋਲਾ ਸਿੰਘ ਨੇ ਦੱਸਿਆ ਕਿ ਉਨ੍ਹਾ ਨੂੰ ਦੁਪਿਹਰ ਕਰੀਬ 1 ਵਜੇ ਲੜਕੀ ਦੇ ਭਰਾ ਉਡੀਕ ਚੰਦ ਵਲੋਂ ਸੂਚਿਤ ਕੀਤਾ ਗਿਆ ਕਿ ਉਸਦੀ ਭੈਣ ਦੀ ਹੱਤਿਆ ਕਰ ਦਿੱਤੀ ਗਈ ਹੈ ਅਤੇ ਜਦੋਂ ਮੌਕੇ ‘ਤੇ ਪਹੁੰਚੇ ਤਾਂ ਪਰਮਜੀਤ ਕੌਰ ਦੀ ਲਾਸ਼ ਘਰ ਵਿੱਚ ਪਈ ਸੀ ਅਤੇ ਉਸਦੇ ਸਰੀਰ ‘ਤੇ ਸਿੱਟਾਂ ਦੇ ਨਿਸ਼ਾਨ ਸਨ। ਜਿਸਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ ਅਤੇ ਡੂੰੰਗੀ ਸੱਟ ਲੱਗਣ ਕਾਰਣ ਹੀ ਪਰਮਜੀਤ ਕੌਰ ਦੀ ਮੌਤ ਹੋ ਗਈ।
ਮ੍ਰਿਤਕਾ ਦੇ ਭਰਾ ਮੁਤਾਬਿਕ ਪਰਮਜੀਤ ਕੌਰ (40) ਦਾ ਵਿਆਹ ਕਰੀਬ 15 ਸਾਲ ਪਹਿਲਾਂ ਬਲਵੰਤ ਸਿੰਘ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਕੋਈ ਬੱਚਾ ਨਹੀਂ ਹੋਇਆ ਅਤੇ ਬਲਵੰਤ ਸਿੰਘ ਪਰਮਜੀਤ ਕੌਰ ਦੇ ਚਰਿੱਤਰ ‘ਤੇ ਸ਼ੱਕ ਵੀ ਕਰਦਾ ਸੀ। ਜਿਸ ਕਾਰਣ ਉਨ੍ਹਾਂ ਦਾ ਆਪਸ ਵਿਚ ਝਗੜਾ ਰਹਿੰਦਾ ਸੀ। ਬੀਤੀ ਰਾਤ ਵੀ ਦੋਹਾਂ ਵਿਚਾਲੇ ਕਾਫੀ ਝਗੜਾ ਹੋਇਆ। ਝਗੜੇ ਦੌਰਾਨ ਬਲਵੰਤ ਸਿੰਘ ਨੇ ਪਰਮਜੀਤ ਕੌਰ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਜ਼ਿਆਦਾ ਲੱਗਣ ਕਾਰਣ ਪਰਮਜੀਤ ਕੌਰ ਦੀ ਮੌਤ ਹੋ ਗਈ।
