Sunday , October 2 2022

ਕਿਓਂ ਇਨ੍ਹਾਂ ਅੰਮ੍ਰਿਤਧਾਰੀ ਸਿੰਘਾਂ ਵੱਲੋਂ ਸਿੱਖ ਧਰਮ ਛੱਡਣ ਦੀ ਤਿਆਰੀ !

ਅੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਗੁਰਦੁਆਰਾ ਗੁਰੂਸਰ ਮਾਧੋਕੇ ਬਰਾੜ ਦੇ 15 ਕਰਮਚਾਰੀਆਂ ਨੇ ਸਿੱਖ ਧਰਮ ਛੱਡ ਕੇ ਕਿਸੇ ਹੋਰ ਧਰਮ ਵਿੱਚ ਜਾਣ ਦੀ ਚਿਤਾਵਨੀ ਦਿੱਤੀ ਹੈ। ਇੰਨਾ ਕਰਮਚਾਰੀਆਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਨੌਕਰੀ ’ਤੇ ਬਹਾਲ ਕੀਤਾ ਜਾਵੇ। ਇਨ੍ਹਾਂ ਅੰਮ੍ਰਿਤਧਾਰੀ ਸਿੰਘਾਂ ਵੱਲੋਂ ਸਿੱਖ ਧਰਮ ਛੱਡਣ ਦੀ ਤਿਆਰੀ!

ਕਰਮਚਾਰੀਆਂ ਨੇ ਦੱਸਿਆ ਕਿ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਨੌਕਰੀ ਤੋਂ ਫ਼ਾਰਗ ਕਰ ਦਿੱਤਾ ਗਿਆ ਹੈ। ਉਹ ਸਾਰੇ ਅੰਮ੍ਰਿਤਧਾਰੀ ਹਨ ਅਤੇ ਅਜਨਾਲਾ ਤਹਿਸੀਲ ਦੇ ਗੁਰਦੁਆਰਾ ਗੁਰੂਸਰ ਮਾਧੋਕੇ ਬਰਾੜ ਵਿੱਚ ਕੰਮ ਕਰ ਰਹੇ ਸਨ। ਇਹ ਗੁਰਦੁਆਰਾ 10 ਅਗਸਤ 2017 ਨੂੰ ਸ਼੍ਰੋਮਣੀ ਕਮੇਟੀ ਦੇ ਸਿੱਧੇ ਪ੍ਰਬੰਧ ਹੇਠ ਆ ਗਿਆ ਸੀ। ਹੁਣ ਇਸ ਗੁਰਦੁਆਰੇ ਨੂੰ ਗੁਰਦੁਆਰਾ ਛੇਹਰਟਾ ਸਾਹਿਬ ਨਾਲ ਜੋੜ ਦਿੱਤਾ ਗਿਆ ਹੈ। ਇਸ ਕਾਰਵਾਈ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਹੈ।

ਪੀੜਤ ਕਰਮਚਾਰੀਆਂ ਨੇ ਦੱਸਿਆ ਕਿ 10 ਅਗਸਤ ਤੋਂ ਉਨ੍ਹਾਂ ਨੂੰ ਤਨਖਾਹਾਂ ਵੀ ਨਹੀਂ ਮਿਲੀਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਨਿਆਂ ਨਾ ਮਿਲਿਆ ਤਾਂ ਉਹ ਧਰਮ ਬਦਲਣ ਲਈ ਮਜਬੂਰ ਹੋਣਗੇ ਅਤੇ 27 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਆਪਣੇ ਕਕਾਰ ਰੱਖ ਕੇ ਖਿਮਾ ਯਾਚਨਾ ਕਰਨਗੇ। 28 ਨਵੰਬਰ ਨੂੰ ਉਹ ਕਿਸੇ ਹੋਰ ਧਰਮ ਵਿੱਚ ਸ਼ਾਮਲ ਹੋ ਜਾਣਗੇ।