ਲੁਧਿਆਣਾ ਜਗਰਾਓ ਹਾਈਵੇਅ ‘ਤੇ ਪਿੰਡ ਹਿੱਸੋਵਾਲ ਦੇ ਕੋਲ ਇੱਕ ਫਿਗੋ ਗੱਡੀ ‘ਚੋਂ ਇੱਕ 24 ਸਾਲ ਦੇ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਜੀਵਨਜੋਤ ਸਿੰਘ ਦੇ ਵੱਜੋਂ ਹੋਈ ਹੈ। ਮ੍ਰਿਤਕ ਨੌਜਵਾਨ ਲੁਧਿਆਣਾ ਦੀ ਕਿਰਨ ਵਿਹਾਰ ਕਲੋਨੀ ਦਾ ਰਹਿਣ ਵਾਲਾ ਤੇ ਉਸ ਦੇ ਪਿਤਾ ਗੁਰਮੀਤ ਸਿੰਘ ਵਿਜੀਲੈਂਸ ਵਿਭਾਗ ‘ਚ ਬਤੌਰ ਐੱਸ. ਐੱਚ. ਓ. ਤੈਨਾਤ ਹਨ। ਜਾਣਕਾਰੀ ਮੁਤਾਬਿਕ ਨੌਜਵਾਨ ਦੀ ਲਾਸ਼ ਜਗਰਾਓਂ-ਲੁਧਿਆਣਾ ਹਾਈਵੇਅ `ਤੇ ਕਾਰ ‘ਚੋਂ ਬਰਾਮਦ ਹੋਈ ਹੈ। ਮੁੱਢਲੀ ਜਾਣਕਾਰੀ ਮੁਤਾਬਿਕ ਇਸ ਨੌਜਵਾਨ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਦੱਸਿਆ ਜਾ ਰਿਹਾ ਹੈ।
ਉੱਧਰ ਜਦੋਂ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਵਾਲੀ ਥਾਂ ਜਾਇਜਾ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੂੰ ਮੌਕੇ ‘ਤੇ ਕਾਰ ‘ਚੋਂ ਕੁਝ ਨਸ਼ੀਲਾ ਸਾਮਾਨ ਬਰਾਮਦ ਹੋਇਆ। ਜਿਸ ਕਾਰਨ ਉਨ੍ਹਾਂ ਨੂੰ ਇਹ ਮਾਮਲਾ ਸ਼ੱਕੀ ਲੱਗ ਰਿਹਾ ਹੈ। ਉੱਥੇ ਹੀ ਲੜਕੇ ਦੇ ਪਿਤਾ ਐੱਸਐੱਚਓ ਨੇ ਦੱਸਿਆ ਕਿ ਜੀਵਨਜੋਤ ਬੀਤੀ ਸ਼ਾਮ ਨੂੰ ਆਪਣੇ ਦਾਦਾ-ਦਾਦੀ ਨੂੰ ਮਿਲਣ ਲਈ ਪਟਿਆਲੇ ਗਿਆ ਸੀ। ਜਿਸ ਤੋਂ ਬਾਅਦ ਉਹ ਉੱਥੇ ਨਹੀਂ ਪਹੁੰਚਿਆ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਲੜਕੇ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਬਾਅਦ ‘ਚ ਗੱਡੀ ‘ਚ ਨਸ਼ਾ ਰੱਖ ਕੇ ਇਸ ਮਾਮਲੇ ਨੂੰ ਬਦਲਿਆਂ ਜਾ ਰਿਹਾ ਹੈ।
Ludhiana SHO son found dead
ਇਸ ਤੋਂ ਬਿਨਾਂ ਜਗਰਾਓ ਦੇ ਡੀ ਐੱਸ ਪੀ ਜਸਵਿੰਦਰ ਸਿੰਘ ਨੇ ਕਿਹਾ ਹੈ ਕਿ ਜਾਂਚ ਕਰਨ ‘ਤੇ ਪਤਾ ਲੱਗਿਆ ਹੈ ਕਿ ਗੱਡੀ ‘ਚ ਇੱਕ ਹੋਰ ਸਖ਼ਸ਼ ਮੌਜੂਦ ਸੀ। ਇਸ ਬਾਰੇ ਗੱਡੀ ਦੀ ਜਾਂਚ ਦੌਰਾਨ ਮਿਲੇ ਫਿੰਗਰਪ੍ਰਿੰਟ ਤੋਂ ਲੱਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸ਼ੱਕੀ ਲੱਗ ਰਿਹਾ ਹੈ। ਪੁਲਿਸ ਨੇ ਧਾਰਾ 302 ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰ ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਆਖਰ ਜੀਵਨਜੋਤ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ ਜਾਂ ਨਹੀਂ। ਇਸ ਬਾਰੇ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ। ਕਿਉਂਕਿ ਇਸ ਦਾ ਪਤਾ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।