Friday , October 7 2022

ਉਸਦੀ ਗਲਤ ਵੀਡੀਓ ਬਣਾਕੇ ਬਲੈਕਮੈਲ ਕਰਨ ਵਾਲੇ ਨੂੰ ਉਸਨੇ ਸਿਖਾਇਆ ਸਬਕ..

ਉਹ ਕੁਝ ਦਿਨਾਂ ਤੋਂ ਹੈਰਾਨ ਪ੍ਰੇਸ਼ਾਨ ਸੀ ਸਾਮਣੇ ਰਹਿੰਦਾ ਮੁੱਛ-ਫੁੱਟ ਗੱਭਰੂ ਆਨੇ-ਬਹਾਨੇ ਉਸਨੂੰ ਲੰਘਦੀ ਆਉਂਦੀ ਨੂੰ ਅਜੀਬ ਤਰੀਕੇ ਨਾਲ ਸਾਸਰੀ ਕਾਲ ਬੁਲਾ ਹੀ ਜਾਂਦਾ ਸੀ।

ਇੱਕ ਦਿਨ ਅਜੇ ਘਰ ਵਾਲਾ ਕੰਮ ਤੇ ਨਿੱਕਲਿਆਂ ਹੀ ਸੀ ਕੇ ਦਰਵਾਜੇ ਦੀ ਬੈੱਲ ਵੱਜੀ। ਬੂਹਾ ਖੋਲਿਆ ਤਾਂ ਸਾਮਣੇ ਉਹ ਖਲੋਤਾ ਸੀ। “ਹਾਂਜੀ ਕੀ ਗੱਲ ਹੈ “?

“ਭਾਬੀ ਜੀ ਬਸ ਨਵਾਂ ਆਈ ਫੋਨ 7 ਲਿਆ ਸੀ ਸੋਚਿਆ ਤੁਹਾਨੂੰ ਇਸਦੀ ਪਿਕਚਰ ਕਵਾਲਿਟੀ ਹੀ ਦਿਖਾ ਦੇਵਾਂ” ਨਾਲ ਹੀ ਉਸਨੇ ਸਕਰੀਨ ਤੇ ਇੱਕ ਮੂਵੀ ਚਲਾ ਦਿੱਤੀ।

ਮੂਵੀ ਦੇਖ ਉਸਦੇ ਪੈਰਾਂ ਹੇਠੋਂ ਜਮੀਨ ਨਿੱਕਲ ਗਈ ਗੁਸਲਖਾਨੇ ਵਿਚ ਨਹਾਉਂਦੀ ਦੀ ਰੋਸ਼ਨਦਾਨ ਰਾਹੀਂ ਕਿਸੇ ਵੱਲੋਂ ਖਿੱਚੀ ਉਸਦੇ ਸਰੀਰ ਦੇ ਪਿਛਲੇ ਹਿੱਸੇ ਦੀ ਛੋਟੀ ਜਿਹੀ ਕਲਿੱਪ ਸੀ।

ਉਸਨੇ ਆਪਣੇ ਹੋਸ਼ੋ-ਹਵਾਸ ਵਿਚ ਰਹਿੰਦਿਆਂ ਪੁੱਛਿਆ “ਹਾਂ ਦੱਸ ਕੀ ਚਾਹੁੰਦਾ ਏਂ”?

“ਬੱਸ ਇਹ ਸਾਰਾ ਕੁਝ ਤੁਹਾਡੀ ਖਾਤਿਰ ਡੀਲੀਟ ਕਰਨਾ ਚਾਹੁੰਦਾ ਹਾਂ ” “ਪਰ ਮੈਥੋਂ ਕੀ ਚਾਹੁੰਦਾ ਏਂ ?”

“ਮੈਨੂੰ ਗਲਤ ਨਾ ਸਮਝਣਾ ਚਰਿੱਤਰ ਦਾ ਬੜਾ ਉਚਾ ਸੁੱਚਾ ਤੇ ਚੰਗੇ ਪਰਿਵਾਰ ਤੋਂ ਹਾਂ 70 ਹਜਾਰ ਉਧਾਰ ਲਏ ਸੀ ਕਿਸੇ ਫ੍ਰੇਂਡ ਤੋਂ ਇਸ ਫੋਨ ਲਈ ਬਸ ਓਹੀ ਮੋੜਨੇ ਨੇ ਤੇ ਤੁਹਾਤੋਂ ਮਦਦ ਚਾਹੀਦੀ ਹੈ”

“ਮੈਥੋਂ ਮਦਦ ਕਿਹੜੀ ਮਦਦ ? ਕੀ ਮਤਲਬ ?..ਪਰ ਕਿਓਂ ? ..ਮੈਂ ਸੱਤਰ ਹਜਾਰ ਕਿਥੋਂ ?

“ਕਾਹਲੀ ਕੋਈ ਨੀ ਭਾਬੀ ਜੀ ਤੁਸੀਂ ਸ਼ਾਮ ਤੱਕ ਆਰਾਮ ਨਾਲ ਸੋਚ ਲਵੋ ਬੇਸ਼ਕ ਹਫਤੇ ਬਾਅਦ ਦੇ ਦਿਓ ਪਰ ਇੱਕ ਗੱਲ ਹੈ ਕੇ ਪੈਸੇ ਮਿਲਦਿਆਂ ਹੀ ਸਾਰਾ ਕੁਝ ਡਿਲੀਟ ਕਰ ਦੇਵਾਂਗਾ ਪਰੋਮਿਸ”।

“ਚੰਗਾ ਫੇਰ ਭਾਬੀ ਜੀ ਸਤਿ ਸ੍ਰੀ ਅਕਾਲ ਮੈਂ ਚੱਲਦਾ ਹਾਂ ਟਿਊਸ਼ਨ ਦਾ ਟਾਈਮ ਹੋ ਗਿਆ ” ਫੋਨ ਜੇਬ ਵਿਚ ਪਾ ਉਹ ਗਲੀ ਦੇ ਮੋੜ ਵੱਲ ਨੂੰ ਹੋ ਤੁਰਿਆ।

ਉਹ ਚਾਰ ਦਿਨ ਤੱਕ ਹੈਰਾਨ ਪ੍ਰੇਸ਼ਾਨ ਹੁੰਦੀ ਕਈ ਕੁਝ ਸੋਚਦੀ ਰਹੀ ..ਅਖੀਰ ਪੰਜਵੇਂ ਦਿਨ ਗਲੀ ਦੇ ਮੋੜ ਤੇ ਸਬਜ਼ੀ ਲੈਣ ਗਈ ਨੂੰ ਉਹ ਇੱਕ ਵਾਰ ਫੇਰ ਟੱਕਰ ਗਿਆ!

ਉਸਨੇ ਠਰੰਮੇ ਨਾਲ ਸਤਿ ਸ੍ਰੀ ਅਕਾਲ ਦਾ ਜੁਆਬ ਦਿੱਤਾ ਅਤੇ ਇਹ ਆਖ ਫੋਨ ਫੜ ਲਿਆ ਕੇ “ਦਿਖਾਈ ਜਰਾ ਓਹੀ ਕਲਿੱਪ ਦੇਖਣੀ ਇੱਕ ਵਾਰ ਫੇਰ ” ਖਚਰੀ ਹਾਸੀ ਹੱਸਦਾ ਹੋਇਆ ਏਧਰ ਓਧਰ ਦੇਖ ਹੌਲੀ ਜਿਹੀ ਆਖਣ ਲੱਗਾ ਕੇ ਦੇਖਿਓ ਭਾਬੀ ਜੀ ਗੜਬੜ ਨਾ ਕਰ ਦੇਯੋ ਮੇਰੇ ਕੋਲ ਹੋਰ ਵੀ ਬਹੁਤ ਕਾਪੀਆਂ ਨੇ ਇਸ ਦੀਆਂ ਬਾਕੀ ਫੇਸਬੂਕ ..ਵਟ੍ਸ ਅੱਪ …ਥੋਨੂੰ ਤੇ ਪਤਾ ਹੀ ਹੈ ਸਾਰਾ ਕੁਝ ”

ਉਸਨੇ ਫੋਨ ਫੜਿਆ..ਕਵਰ ਲਾਹਿਆ ਤੇ ਪੂਰੇ ਜ਼ੋਰ ਨਾਲ ਪੱਕੀ ਗਲੀ ਦੀਆਂ ਇੱਟਾਂ ਤੇ ਦੇ ਮਾਰਿਆਂ..ਸਾਰਾ ਕੁਝ ਇੱਕਦਮ ਹੀ ਖੱਖੜੀਆਂ ਵਾਂਙ ਚਾਰੇ ਪਾਸੇ ਖਿੱਲਰ ਗਿਆ।

“ਇਹ ਕੀ ਕਰ ਦਿੱਤਾ ਪਾਗਲ ਔਰਤ, ਠਹਿਰ ਜਰਾ ਅੱਪਲੋਡ ਕਰਦਾ ਹੁਣੇ ਹੀ ..ਦੱਸਦਾ ਸਾਰੀ ਦੁਨਿਆਂ ਨੂੰ ਸਾਰਾ ਕੁਝ ਤੇਰੇ ਬਾਰੇ ” “ਕੀ ਦੱਸੇਗਾ ਕੁੱਤ..ਏ ..ਆ ..ਏਹੀ ਕੇ ਲੋਕਾਂ ਦੀਆਂ ਧੀਆਂ ਭੈਂਣਾ ਦੀਆਂ ਚੋਰੀ ਮੂਵੀਆਂ ਕਿਦਾਂ ਬਣਾਉਣੀਆਂ ਨੇ ਤੇ ਮਗਰੋਂ ਓਹਨਾ ਨੂੰ ਬਲੈਕ-ਮੇਲ ਕਿਦਾਂ ਕਰਨਾ ਏ ..?”

ਨਾਲ ਹੀ ਉਸ ਨੇ ਚਪੇੜਾਂ ਅਤੇ ਜੁੱਤੀਆਂ ਦੀ ਬਰਸਾਤ ਕਰ ਦਿੱਤੀ ਤੇ ਪਿਛਲੇ ਕਈਆਂ ਦਿਨਾਂ ਤੋਂ ਚੜਿਆਂ ਸਾਰਾ ਗੁਬਾਰ ਲਾਹ ਦਿੱਤਾ ਅਤੇ ਇੱਕ ਨਵੇਂ ਆਤਮ-ਵਿਚਵਾਸ ਨਾਲ ਅਗਾਂਹ ਨੂੰ ਹੋ ਤੁਰੀ।

ਥੋੜੀ ਦੂਰ ਜਾ ਉਸਨੇ ਮੁੜ ਕੇ ਦੇਖਿਆ, ਉਸ ਡਿੱਗੇ ਹੋਏ ਜਾਨਵਰ ਤੇ ਜਨਤਾ ਭੁੱਖੇ ਸ਼ੇਰਾਂ ਵਾਂਙ ਟੁੱਟ ਪਈ ਸੀ ਤੇ ਆਪਣਾ ਹੱਥ ਸਾਫ ਕਰ ਰਹੀ ਸੀ ਤੇ ਘੱਟੇ ਮਿੱਟੀ ਦੇ ਗੁਬਾਰ ਆਸਮਾਨ ਨੂੰ ਛੂ ਰਹੇ ਸਨ।

(ਦੋਸਤੋ ਅਗਲਾ ਉੱਨੀ ਦੇਰ ਤੱਕ ਬਦਮਾਸ਼ ਹੈ ਜਦੋਂ ਤੱਕ ਤੁਸੀਂ ਸ਼ਰੀਫੀ ਨਾਲ ਪੇਸ਼ ਆ ਰਹੇ ਹੋ) ਹਿੰਦੀ ਬੋਲਦੇ ਦੋਸਤ ਵੱਲੋਂ ਭੇਜੀ ਸੱਚੀ ਹੱਡ ਬੀਤੀ ਦਾ ਪੰਜਾਬੀ ਅਨੁਵਾਦ।

ਹਰਪ੍ਰੀਤ ਸਿੰਘ ਜਵੰਦਾ