ਪਠਾਨਕੋਟ —ਪੰਜਾਬ ਦੇ ਪਠਾਨਕੋਟ ‘ਚ ਮੱਧ ਵਰਗੀ ਪਰਿਵਾਰ ‘ਚ ਜਨਮੀਂ ਏਨੀ ਦਿਵਿਆ ਕਦੀ ਜਹਾਜ਼ ‘ਚ ਨਹੀਂ ਬੈਠੀ ਸੀ ਪਰ ਹੁਣ ਦੁਨੀਆਂ ਦੇ ਸਭ ਤੋਂ ਵੱਡੇ ਜਹਾਜ਼ਾਂ ‘ਚ ਸ਼ੁਮਾਰ ਬੋਇੰਗ 777 ਨੂੰ ਉਡਾਉਣ ਵਾਲੀ ਪਹਿਲੀ ਮਹਿਲਾ ਪਾਇਲਟ ਬਣ ਗਈ ਹੈ।
30 ਸਾਲਾਂ ਏਨੀ ਇਹ ਜਹਾਜ਼ ਉਡਾਉਣ ਵਾਲੀ ਭਾਰਤ ਦੀ ਹੀ ਨਹੀਂ ਬਲਕਿ ਦੁਨੀਆਂ ਦੀ ਸਭ ਤੋਂ ਪਹਿਲੀ ਨੌਜਵਾਨ ਮਹਿਲਾ ਕਮਾਂਡਰ ਹੈ। ਬੋਇੰਗ 777 ਜਹਾਜ਼ ਇੰਨਾ ਵੱਡਾ ਹੁੰਦਾ ਹੈ ਕਿ ਇਸ ਵਿੱਚ ਇਕੋ ਵੇਲੇ 350 ਤੋਂ 400 ਯਾਤਰੀ ਬੈਠ ਸਕਦੇ ਹਨ।
ਏਨੀ 17 ਸਾਲ ਦੀ ਉਮਰ ‘ਚ ਪਾਇਲਟ ਬਣ ਗਈ ਸੀ। ਉਹ ਦੱਸਦੀ ਹੈ ਕਿ ਜਦੋਂ ਟ੍ਰੇਨਿੰਗ ਦੌਰਾਨ ਪਹਿਲੀ ਵਾਰ ਉਸ ਨੇ ਜਹਾਜ਼ ਉਡਾਇਆ ਤਾਂ ਉਸ ਨੂੰ ਲੱਗਾ ਮੇਰਾ ਸੁਪਨਾ ਪੂਰਾ ਹੋ ਗਿਆ ਹੈ। 19 ਸਾਲਾਂ ਦੀ ਉਮਰ ‘ਚ ਏਨੀ ਨੂੰ ਏਅਰ ਇੰਡੀਆ ‘ਚ ਨੌਕਰੀ ਮਿਲੀ।
ਉਸ ਵੇਲੇ ਉਨਾਂ ਨੇ ਬੋਇੰਗ 737 ਜਹਾਜ਼ ਉਡਾਇਆ ਅਤੇ 21 ਸਾਲ ਦੀ ਉਮਰ ‘ਚ ਉਹ ਬੋਇੰਗ 777 ਉਡਾਉਣ ਲੱਗ ਗਈ ਸੀ। ਹੁਣ ਉਹ ਇਹ ਜਹਾਜ਼ ਉਡਾਉਣ ਵਾਲੀ ਪਹਿਲੀ ਨੌਜਵਾਨ ਮਹਿਲਾ ਪਾਇਲਟ ਬਣ ਗਈ ਹੈ। ਆਪਣੀ ਮੰਜ਼ਿਲ ‘ਤੇ ਪਹੁੰਚਣ ਤੋਂ ਬਾਅਦ ਏਨੀ ਆਪਣੇ ਭੈਣ ਭਰਾਵਾਂ ਦੇ ਸੁਪਨੇ ਪੂਰੇ ਕਰਨ ‘ਚ ਮਦਦ ਕਰਨ ਲੱਗੀ। ਏਨੀ ਦੀ ਭੈਣ ਅਮਰੀਕਾ ਵਿੱਚ ਦੰਦਾਂ ਦੀ ਡਾਕਟਰ ਹੈ ਅਤੇ ਭਰਾ ਆਸਟ੍ਰੇਲੀਆ ‘ਚ ਪੜ੍ਹਾਈ ਕਰ ਰਿਹਾ ਹੈ। ਏਨੀ ਮੁਤਾਬਕ ਉਨਾਂ ਦੀ ਸਭ ਤੋਂ ਲੰਬੀ ਫਲਾਇਟ 18 ਘੰਟੇ ਦੀ ਸੀ, ਜੋ ਦਿੱਲੀ ਤੋਂ ਸੇਨ ਫ੍ਰਾਂਸਿਸਕੋ ਤੱਕ ਦੀ ਸੀ।