Friday , December 9 2022

ਇਟਲੀ ਨੇ ਖੋਲ੍ਹੇ ਦਰਵਾਜ਼ੇ, 2018 ਦਾ ਕੋਟਾ ਕੀਤਾ ਜਾਰੀ

ਰੋਮ, —ਇਹ ਖਬਰ ਉਨ੍ਹਾਂ ਲੋਕਾਂ ਲਈ ਵਿਸ਼ੇਸ ਹੈ ਜਿਹੜੇ ਇਟਲੀ ਆਉਣ ਦੇ ਇਛੁੱਕ ਹਨ ਕਿਉਂਕਿ 2017 ਦੀ ਤਰਜ ‘ਤੇ ਇਟਾਲੀਅਨ ਸਰਕਾਰ ਵੱਲੋਂ ਦੇਕਰੇਤੋ ਫਲੂਸੀ 2018 ਦਾ ਕੋਟਾ ਜਾਰੀ ਕਰ ਦਿੱਤਾ ਗਿਆ ਹੈ। ਇਟਲੀ ਦੇ ਗ੍ਰਹਿ ਮੰਤਰਾਲੇ ਦੇ ਸਹਿਯੋਗ ਨਾਲ ਕੌਂਸਲ ਦੇ ਪ੍ਰਧਾਨ ਪਾਓਲੋ ਜੇਂਤੀਲੋਨੀ ਵੱਲੋਂ ਕੋਟਾ ਜਾਰੀ ਕਰਨ ਨੂੰ ਮਨਜੂਰੀ ਦਿੱਤੀ ਗਈ। ਮੀਡੀਏ ਨੂੰ ਇਹ ਜਾਣਕਾਰੀ ਦਿੰਦਿਆਂ ਸਤਰਾਨੇਰੀ ਇਨ ਇਟਾਲੀਆ ਦੀ ਨੁਮਾਇੰਦੀ ਬੀਬੀ ਵਰਿੰਦਰ ਪਾਲ ਕੌਰ ਧਾਲੀਵਾਲ ਨੇ ਦੱਸਿਆ ਕਿ ਇਹ ਕੋਟਾ ਗੈਰ ਯੂਰਪੀ ਨਾਗਰਿਕਾਂ ਲਈ ਜਾਰੀ ਕੀਤਾ ਗਿਆ ਹੈ।

ਇਸ ਤਹਿਤ ਗੈਰ-ਯੂਰਪੀ ਨਾਗਰਿਕ ਇਟਲੀ ਵਿਚ ਦਾਖਲ ਹੋ ਇਟਲੀ ਦੇ ਰੋਜ਼ਗਾਰ ਦਾ ਹਿੱਸਾ ਬਣ ਸਕਣਗੇ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ 30,850 ਦਾ ਕੋਟਾ ਗਜ਼ਟ ਵਿਚ ਦਰਜ ਕਰਨ ਲਈ ਭੇਜਿਆ ਗਿਆ ਹੈ, ਜੋ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਦਰਜ ਹੋ ਕੇ ਕਾਨੂੰਨੀ ਤੌਰ ‘ਤੇ ਲਾਗੂ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਜਾਰੀ ਕੀਤੇ ਗਏ ਕੋਟੇ ਵਿਚ 12850 ਦਾ ਕੋਟਾ ਖਾਸ ਤੌਰ ‘ਤੇ ਮੌਸਮੀ ਕਰਮਚਾਰੀਆਂ ਲਈ ਰਾਖਵਾਂ ਕੀਤਾ ਗਿਆ ਹੈ।

ਗਜ਼ਟ ਵਿਚ ਦਰਜ ਹੋਣ ਉਪਰੰਤ ਆਨਲਾਈਨ ਦਰਖ਼ਾਸਤ ਭਰੇ ਜਾਣ ਦੀ ਤਰਤੀਬ ਅਤੇ ਸਮਾਂ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਰਮਚਾਰੀ ਲਈ ਮੁੱਢਲੀਆਂ ਸ਼ਰਤਾਂ ਅਤੇ ਮਾਲਕ ਜਾਂ ਸੰਸਥਾ ਵੱਲੋਂ ਦਰਖ਼ਾਸਤ ਭਰੇ ਜਾਣ ਲਈ ਲੌਂੜੀਂਦੇ ਦਸਤਾਵੇਜ਼ ਅਤੇ ਤਰਤੀਬ ਦੀ ਸੂਚੀ ਉਪਲਬਧ ਕਰਵਾਈ ਜਾਵੇਗੀ। ਇਟਾਲੀਅਨ ਸਰਕਾਰ ਦੇ ਇਸ ਐਲਾਨ ਨਾਲ ਜਿੱਥੇ ਕਈ ਪੰਜਾਬੀ ਨੌਜਵਾਨ ਆਪਣਾ ਭਵਿੱਖ ਬਣਾਉਣ ਲਈ ਇਟਲੀ ਆਉਣ ਲਈ ਜੰੰਗੀ ਪੱਧਰ ਉੱਤੇ ਜੁੱਟਣਗੇ ਉੱਥੇ ਕਈ ਲੋਭੀ ਏਜੰਟ ਉਨ੍ਹਾਂ ਨੂੰ ਦੋਨੋਂ ਹੱਥੀਂ ਰੱਜ ਕੇ ਲੁੱਟਣਗੇ, ਇਸ ਲਈ ਲੋਕਾਂ ਨੂੰ ਸਮਝਦਾਰੀ ਨਾਲ ਹੀ ਕੰਮ ਕਰਨ ਦੀ ਜ਼ਰੂਰਤ ਹੈ।