‘ਆਪ’ ਦੇ ਭਗਵੰਤ ਮਾਨ ਮੁੜ ਆਏ ਸੁਰਖ਼ੀਆਂ ‘ਚ, ਜਾਣੋ ਕੀ ਹੈ ਪੂਰਾ ਮਾਮਲਾ…
ਆਮ ਆਦਮੀ ਪਾਰਟੀ ਪੰਜਾਬ ਦੀ ਪ੍ਰਧਾਨਗੀ ਛੱਡਣ ਮਗਰੋਂ ‘ਆਪ’ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਕਾਫੀ ਸਮੇਂ ਬਾਅਦ ਸੁਰਖੀਆਂ ‘ਚ ਆਏ ਹਨ। ਇੰਝ ਲੱਗ ਰਿਹਾ ਹੈ ਜਿਵੇਂ ਪ੍ਰਧਾਨਗੀ ਦਾ ਅਹੁਦਾ ਓਹਨਾਂ ਨੂੰ ਥਲੇ ਡੱਬ ਕੇ ਬੈਠਾ ਸੀ ਤੇ ਹੁਣ ਉਹਨਾਂ ਪ੍ਰਧਾਨਗੀ ਦੇ ਅਹੁਦੇ ਤੋਂ ਵੇਹਲੇ ਹੋ ਕੇ ਹੋਰ ਕੰਮਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਹੈ। ਭਗਵੰਤ ਮਾਨ ਕਿਸੇ ਵੀ ਮੁੱਦੇ ‘ਤੇ ਬੋਲਦੇ ਨਜ਼ਰ ਨਹੀਂ ਆਏ ਚਾਹੇ ਉਹ ਦਲਿਤ ਮੁੱਦੇ ਹੋਵੇ ਚਾਹੇ ਨਾਨਕ ਸ਼ਾਹ ਫਕੀਰ ਫਿਲਮ ‘ਤੇ ਬੈਨ ਲਗਾਉਣ ਦੀ ਮੰਗ ਦਾ ਮੁੱਦਾ ਜਾਂ ਫਿਰ ਭਾਰਤ ਬੰਦ ਦਾ ਰੌਲਾ ਹੋਵੇ।
ਪਰ ਕਾਫੀ ਸਮੇਂ ਬਾਅਦ ਹੀ ਸਹੀ ਪਰ ਭਗਵੰਤ ਮਾਨ ਹੁਣ ਮੁੜ ਇੱਕ ਵਾਰ ਖਬਰਾਂ ‘ਚ ਆਏ ਹਨ। ਭਗਵੰਤ ਮਾਨ ਨੇ ਪ੍ਰਧਾਨਗੀ ਦਾ ਅਹੁਦਾ ਛੱਡ ਕੇ ਹੁਣ ਆਪਣੇ ਹਲਕੇ ਦੇ ਵਿਕਾਸ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਆਪਣੇ ਐਮ.ਪੀ ਕੋਟੇ ‘ਚੋਂ ਖਰਚ ਕਰ ਕੇ ਪੰਜਾਬ ਪੁਲਿਸ ਦੀ ਸੰਗਰੂਰ ਯੂਨਿਟ ਦੇ ਸਹਿਯੋਗ ਨਾਲ ਸੰਗਰੂਰ ਲੋਕ ਸਭਾ ਹਲਕੇ ਦੇ ਧੂਰੀ ਤੇ ਸੁਨਾਮ ਸ਼ਹਿਰਾਂ ‘ਚ 25 ਲੱਖ ਰੁਪਏ ਦੀ ਲਾਗਤ ਨਾਲ ਹਾਈ ਸਕਿਉਰਿਟੀ ਕੌਰਡਲੈਸ ਸੀ.ਸੀ.ਟੀ.ਵੀ ਕੈਮਰੇ ਲਗਾਏ ਹਨ ਜਿਨ੍ਹਾਂ ਦੀ ਸਿੱਧੀ ਨਿਗਰਾਨੀ ਸਬੰਧਤ ਪੁਲਿਸ ਥਾਣੇ ਦੇ ਕੰਟਰੋਲ ਰੂਮ ਤੋਂ ਹੁੰਦੀ ਹੈ।
ਇਸ ਲਈ ਭਗਵੰਤ ਮਾਨ ਨੇ ਹੁਣ ਪੰਜਾਬ ਦੇ ਸਾਰੇ ਲੋਕ ਸਭਾ ਤੇ ਰਾਜ ਸਭਾ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਪ੍ਰਮੁੱਖ ਸ਼ਹਿਰਾਂ ਤੇ ਮਹੱਤਵਪੂਰਨ ਚੌਕ-ਚੌਰਾਹਿਆਂ ਉੱਪਰ ਐਮ.ਪੀ ਕੋਟਾ ਫ਼ੰਡ ‘ਚੋਂ ਹਾਈ ਸਕਿਉਰਿਟੀ ਕੌਰਡਲੈਸ ਸੀਸੀਟੀਵੀ ਕੈਮਰੇ ਲਵਾ ਕੇ ਪੰਜਾਬ ਪੁਲਿਸ ਦਾ ਸਹਿਯੋਗ ਕਰਨ। ਭਗਵੰਤ ਮਾਨ ਨੇ ਕਿਹਾ ਕਿ ਅਪਰਾਧ ਤੇ ਅਪਰਾਧੀਆਂ ਨਾਲ ਨਜਿੱਠਣ ਲਈ ਅੱਜ ਦੁਨੀਆ ਭਰ ‘ਚ ਸੀ.ਸੀ.ਟੀ.ਵੀ ਕੈਮਰਿਆਂ ਦਾ ਸਫਲਤਾਪੂਰਵਕ ਸਹਾਰਾ ਲਿਆ ਜਾਂਦਾ ਹੈ।
ਇਸ ਲਈ ਪੰਜਾਬ ਦੇ ਸਾਰੇ ਸੰਸਦ ਮੈਂਬਰ ਸਿਆਸੀ ਨੀਤੀਆਂ ਤੋਂ ਉੱਪਰ ਉੱਠ ਕੇ ਆਪਣੇ-ਆਪਣੇ ਹਲਕਿਆਂ ਅੰਦਰ ਸਾਰੇ ਪ੍ਰਮੁੱਖ ਰਸਤਿਆਂ ਤੇ ਚੌਕ ਚੌਰਾਹਿਆਂ ‘ਤੇ ਉਸੇ ਤਰ੍ਹਾਂ ਹਾਈ ਸਕਿਉਰਿਟੀ ਕੌਰਡਲੈਸ ਸੀ.ਸੀ.ਟੀ.ਵੀ ਕੈਮਰੇ ਲਾਉਣ ਲਈ ਐਮ.ਪੀ ਕੋਟਾ ਫ਼ੰਡ ਦੀ ਸੁਚੱਜੀ ਵਰਤੋਂ ਕਰਨ। ਭਗਵੰਤ ਮਾਨ ਨੇ ਸੂਬੇ ਦੀ ਬਦਹਾਲ ਅਮਨ ਕਾਨੂੰਨ ਸਥਿਤੀ ਉੱਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਪੁਲਿਸ ਨੂੰ ਕਾਨੂੰਨ ਮੁਤਾਬਕ ਕੰਮ ਕਰਨ ਦੀ ਖੁੱਲ੍ਹ ਨਹੀਂ ਮਿਲਦੀ ਤੇ ਪੁਲਿਸ ਪ੍ਰਸ਼ਾਸਨ ਦੇ ਕੰਮਾਂ ‘ਚ ਬੇਲੋੜੀ ਸਿਆਸੀ ਦਖ਼ਲਅੰਦਾਜ਼ੀ ਬੰਦ ਨਹੀਂ ਹੁੰਦੀ, ਉਦੋਂ ਤੱਕ ਅਮਨ ਕਾਨੂੰਨ ਦੀ ਸਥਿਤੀ ਚੌਣਤੀਆਂ ‘ਚ ਘਿਰੀ ਰਹੇਗੀ।
ਅਫ਼ਸੋਸ ਦੀ ਗੱਲ ਇਹ ਹੈ ਕਿ ਹੁਣ ਸੱਤਾਧਾਰੀ ਕਾਂਗਰਸ ਦੇ ਅਖੌਤੀ ਚੌਧਰੀ ਖ਼ੁਦ ਹੀ ‘ਥਾਣੇਦਾਰ’ ਬਣੇ ਹੋਏ ਹਨ। ਭਗਵੰਤ ਮਾਨ ਨੇ ਕਿਹਾ ਕਿ ਅਜਿਹੀ ਬਦਹਾਲ ਸਥਿਤੀ ‘ਚ ਘੱਟੋ-ਘੱਟ ਪੰਜਾਬ ਦੇ ਸੰਸਦ ਮੈਂਬਰ ਹੀ ਆਪਣੇ-ਆਪਣੇ ਹਲਕੇ ਦੇ ਲੋਕਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦਾ ਸਹਿਯੋਗ ਕਰਨ ਤੇ ਸੀ.ਸੀ.ਟੀ.ਵੀ ਕੈਮਰੇ ਲਵਾਉਣ।