Saturday , September 24 2022

ਅੰਮੀਂ ਕੀ ਤੂੰ ਗੈਂਗਸਟਰ ਜੰਮਦੀਂ ਏਂ..?

ਅੰਮੀਂ ਕੀ ਤੂੰ ਗੈਂਗਸਟਰ ਜੰਮਦੀਂ ਏਂ..?

ਗੋਲੀ ਚਾਹੇ ਇਕ ਗੈਂਗਸਟਰ ਦੇ ਹਿੱਕ ਚ ਵੱਜੇ ਭਾਵੇਂ ਕਿਸੇ ਪੁਲਿਸ ਵਾਲੇ ਦੀ ਹਿੱਕ ਤੇ ਜਾਂ ਫਿਰ ਕਿਸੇ ਫੌਜੀ ਦੇ ਸੀਨੇ ਨੂੰ ਚੀਰੇ, ਸਭ ਤੋਂ ਪਹਿਲਾਂ ਮੌਤ ਇਕ ਮਾਂ ਦੇ ਪੁੱਤਰ ਦੀ ਹੁੰਦੀ ਏ।

ਮਾਵਾਂ ਕੁੱਖਾਂ ਚੋਂ ਸਿਰਫ ਤੇ ਸਿਰਫ ਔਲਾਦ ਪੈਦਾ ਕਰਦੀਆਂ ਨੇਂ,

ਪਰ ਜਦੋਂ ਉਹੀ ਮਾਵਾਂ ਦੇ ਪੁੱਤਰ ਜਿਨਾਂ ਦੇ ਸਿਰਾਂ ਤੇ ਸਿਹਰੇ ਬੰਨਣ ਦੇ ਖਾਬ ਭੈਣਾਂ ਵੇਖਦੀਆਂ ਨੇਂ ਤੇ ਉਨਾਂ ਦਾ ਅਖੀਰ ਸਿਰਫ ਸਿਵਿਆਂ ਦੀਆਂ ਦਹਿਲੀਜ਼ਾਂ ਤੇ ਲਿਖਿਆਂ ਹੁੰਦਾ ਤਾਂ ਯਕੀਨਣ ਉਨਾਂ ਘਰਾਂ ਦੀ ਕਿਸਮਤ ਚ ਸਿਰਫ ਤੇ ਸਿਰਫ ਉਮਰ ਭਰ ਦੀ ਬਦਕਿਸਮਤੀ ਲਿਖੀ ਜਾਂਦੀ ਏ।
ਸਿਆਣਿਆਂ ਸੱਚ ਆਖਿਆ ਏ ਕਿ”

ਜਨਾਜਾ ਜਿੰਨਾਂ ਛੋਟਾ ਹੁੰਦਾ ਉਨਾਂ ਹੀ ਭਾਰਾ ਹੁੰਦਾ ਏ, ਇਨਾਂ ਜਨਾਜਿਆਂ ਦਾ ਬੋਝ ਜਵਾਨ ਪੁੱਤਾਂ ਦੀਆਂ ਮੌਤਾਂ ਹੰਢਾਉਂਦੇ ਮਾਪਿਆਂ ਦੀਆਂ ਅੱਖਾਂ ਚੋਂ ਤੱਕ ਕੇ ਵੇਖਿਓ ਕਦੀ ।

ਉਹ ਪੁੱਤਰ ਜੋ ਬੁੱਢੜੀ ਉਮਰੇ ਡਿੱਗਦੇ ਕਦਮਾਂ ਦਾ ਸਹਾਰਾ ਬਣਨੇ ਹੁੰਦੇ ਨੇਂ ਜਦੋਂ ਉਨਾਂ ਦੀਆਂ ਹੀ ਫੋਟੋਆਂ ਨੂੰ ਕੰਧਾਂ ਤੇ ਟੰਗਿਆਂ ਤੱਕਕੇ ਕਦਮ ਕਿੰਨੇਂ ਕੁ ਬੋਝਲ ਹੋ ਜਾਂਦੇ ਨੇਂ ਇਸਦਾ ਅੰਦਾਜਾ ਤੁਸੀਂ ਨੀਂ ਲਾ ਸਕਦੇ।

ਬੜਾ ਦੁੱਖ ਹੁੰਦਾ ਇਹ ਸੋਚਕੇ ਕਿ ਪੰਜਾਬ ਦੇ ਅੰਦਰ ਦਿਨ ਬ ਦਿਨ ਵਧ ਰਿਹਾ ਇਹ ਗੈਂਗਸਟਰ ਕਲਚਰ , ਤੇ ਉਹਦੇ ਚ ਸ਼ੁਮਾਰ ਹੋਣਾ ਉਹ ਵੀ ਉਨਾਂ ਮੁੰਡਿਆਂ ਦਾ ਜੋ ਆਪਣੇਂ ਸਮੇਂ ਚ ਬੇਹੱਦ ਚੰਗੇ ਖਿਡਾਰੀ ਰਹੇ ਨੇਂ ,

ਪਰ ਦੂਜਾ ਪੱਖ ਇਹ ਵੀ ਕਿ ਕਿਤੇ ਨਾਂ ਕਿਤੇ ਯਕੀਨਨ ਪ੍ਰਸ਼ਾਸਨਿਕ ਧੱਕੇਸ਼ਾਹੀਆਂ ਦਾ ਸ਼ਿਕਾਰ ਹੋਏ ਇਹ ਨੌਜਵਾਨ ਕਦੇ ਮਜਬੂਰੀਆਂ ਵਸ ਤੇ ਕਦੀ ਫੌਕੀ ਸ਼ੋਹਰਤ ਤੇ ਚੌਧਰ ਦੀ ਰੀਝ ਚ ਕਦੋਂ ਵੱਡੇ ਗਲਿਆਰਿਆਂ ਨਾਲ ਹੱਥ ਮਿਲਾਕੇ ਜੁਰਮ ਦੀ ਪੌੜੀ ਦੇ ਸਭ ਤੋਂ ਉੱਪਰਲੇ ਡੰਡੇ ਤੇ ਜਾ ਬੈਠਦੇ ਨੇਂ ਉਨਾਂ ਨੂੰ ਪਤਾ ਹੀ ਨੀਂ ਚੱਲਦਾ।

ਪਰ ਇਨ੍ਹਾਂ ਰਾਹਾਂ ਦੀ ਕੋਈ ਮੰਜਿਲ ਨਹੀਂ ਹੁੰਦੀ , ਜਾਂ ਤੁਸੀਂ ਚੰਦ ਆਪਣਿਆਂ ਨੂੰ ਮਾਰ ਮੁਕਾਉਂਦੇ ਹੋ ਜਾਂ ਉਹ ਤੁਹਾਨੂੰ, ਪਰ ਹੋ ਤਾਂ ਸਾਰੇ ਪੰਜਾਬ ਦੀਆਂ ਆਂਦਰਾਂ।

ਤੇ ਨਿੱਕੀਆਂ ਗਲੀਆਂ ਚੋਂ ਉੱਠ ਉੱਚੇ ਗਲਿਆਰਿਆਂ ਦੀ ਥਾਪੜੀ ਤੇ ਤੁਸੀਂ ਇੰਨਾਂ ਰਾਹਾਂ ਨੂੰ ਤੁਰ ਪੈਂਦੇ ਹੋ ਤੇ ਖੌਰੇ ਕਿੰਨੇ ਕੁ ਬੇਕਸੂਰਾਂ ਨਾਲ ਧੱਕੇ ਕਰ ਬੈਠਦੇ ਹੋ , ਉਨਾਂ ਦੇ ਹੱਥ ਸਮਾਂ ਬੀਤਿਆਂ ਕਦੋਂ ਤੁਹਾਡੇ ਗਲ ਤੱਕ ਪਹੁੰਚ ਜਾਣ ਇਹਦਾ ਕੋਈ ਭਰੋਸਾ ਨਹੀਂ। ਦਿਨ ਰਾਤ ਵੱਜਦੇ ਇਹ ਹਥਿਆਰਾਂ ਦੀਆਂ ਨੁਮਾਇਸ਼ਾਂ ਵਾਲੇ ਗਾਣਿਆਂ ਦੀ ਵੀਡਿਓ ਵਰਗੀ ਨਹੀਂ ਹੁੰਦੀ ਜਿੰਦਗੀ । ਨਸ਼ੇ ਨਾਲ ਰੁਲ ਚੁੱਕਿਆ ਤੇ ਹਤਾਸ਼ ਪੰਜਾਬ ਦਾ ਇਹ ਭਵਿੱਖ ਰਲ ਮਿਲ ਕੇ ਸਾਰੇ ਬਚਾ ਲਈਏ।

ਭਾਵੇਂ ਬੇਰੁਜ਼ਗਾਰੀ ਨਾਲ ਜੂਝਦੇ , ਤੇ ਕਈ ਵਾਰ ਮਰਜੀ ਨਾਲ ਇਸ ਰਾਹ ਤੁਰਨ ਵਾਲੇ ਪੰਜਾਬੀ ਪੁੱਤਰੋ ਮਾਵਾਂ ਉਡੀਕਦੀਆਂ ਨੇਂ ਸਿੱਲੇ ਕੋਇਆਂ ਨਾਲ ਤੁਹਾਨੂੰ।

ਬੇਸ਼ੱਕ ਬਾਪੂ ਬੋਲਕੇ ਨੀਂ ਦੱਸਦਾ , ਪਰ ਜੁਆਨ ਪੁੱਤਰ ਦੀ ਲਾਸ਼ ਢੋਣ ਜਿੰਨੀਂ ਤਾਕਤ ਕਿਸੇ ਪਿਓ ਦੇ ਮੋਢਿਆਂ ਚ ਨੀਂ ਹੁੰਦੀ।

ਪਰਤ ਆਓ ਘਰਾਂ ਨੂੰ ,ਪੰਜਾਬ ਨੇਂ ਬਥੇਰੇ ਪੁੱਤਰ ਗਵਾ ਲਏ ਹੁਣ , ਯਾਦ ਰੱਖਿਓ ਮਾਂਵਾਂ ਗੈਂਗਸਟਰ ਨੀਂ ਜੰਮਦੀਆਂ ,ਉਹਨਾਂ ਪੁੱਤਰ ਜੰਮੇਂ ਸੀ ਤੇ ਉਨਾਂ ਨੂੰ ਪੁੱਤਰ ਹੀ ਚਾਹੀਦੇ ਨੇਂ।

Rupinder Sandhu.