ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਤੇ ਬਿਜ਼ਨੈੱਸਮੈਨ ਆਨੰਦ ਆਹੂਜਾ ਦਾ ਵਿਆਹ ਇਨ੍ਹਾਂ ਦਿਨਾਂ ‘ਚ ਕਾਫੀ ਸੁਰਖੀਆਂ ‘ਚ ਰਿਹਾ। ਸੋਨਮ ਕਪੂਰ ਤੇ ਆਨੰਦ ਆਹੂਜਾ ਨੇ ਸਿੱਖ ਧਰਮ ਦੇ ਅਨੁਸਾਰ ਅਨੰਦ ਕਾਰਜ ਕਰਵਾਏ ਪਰ ਹੁਣ ਇਸ ਨਾਲ ਇਕ ਵਿਵਾਦ ਜੁੜ ਗਿਆ ਹੈ। ਇਹ ਵਿਵਾਦ ਅਨੰਦ ਕਾਰਜ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਗੀ ਹਜ਼ੂਰੀ ‘ਚ ਲਾੜੇ ਆਨੰਦ ਆਹੂਜਾ ਦੇ ਕਲਗੀ ਲਗਾ ਕੇ ਬੈਠੇਣ ਦਾ ਹੈ।
ਜਾਣਕਾਰੀ ਮੁਤਾਬਕ ਸੋਨਮ ਤੇ ਆਨੰਦ ਦੇ ਅਨੰਦ ਕਾਰਜ ਲਈ ਸ੍ਰੀ ਹਰਿਮੰਦਰ ਸਾਹਿਬ ਤੋਂ ਗ੍ਰੰਥੀ ਸਿੰਘ ਤੇ ਕੀਰਤਨੀ ਜੱਥਾ ਪਹੁੰਚਿਆ ਸੀ ਪਰ ਉਨ੍ਹਾਂ ਵਲੋਂ ਦੋਹਾਂ ਪਰਿਵਾਰਾਂ ਨੂੰ ਸਿੱਖ ਮਰਿਆਦਾ ਦੀ ਜਾਣਕਾਰੀ ਨਹੀਂ ਦਿੱਤੀ ਗਈ, ਜਿਸ ਕਾਰਨ ਇਹ ਮਰਿਆਦਾ ਭੰਗ ਹੋਈ ਹੈ। ਸਿੱਖ ਜਥੇਬੰਦੀਆਂ ‘ਚ ਇਸ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਪੰਥਕ ਫਰੰਟ ਦੇ ਜੱਥੇਦਾਰਾਂ ਤੇ ਮੈਂਬਰਾਂ ਨੇ ਮੀਟਿੰਗ ਕਰਕੇ ਇਸ ਘਟਨਾ ਦੀ ਸਖਤ ਸ਼ਬਦਾਂ ‘ਚ ਨੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਦਰਬਾਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਬਾਈ ਜਸਵਿੰਦਰ ਸਿੰਘ ਵਲੋਂ ਇਹ ਅਨੰਦ ਕਾਰਜ ਕਰਵਾਏ ਗਏ ਸਨ ਪਰ ਉਨ੍ਹਾਂ ਵਲੋਂ ਦੋਹਾਂ ਪਰਿਵਾਰਾਂ ਨੂੰ ਕਲਗੀ ਉਤਾਰਨ ਲਈ ਨਹੀਂ ਕਿਹਾ ਗਿਆ।
ਪੰਥਕ ਫਰੰਟ ਦੇ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਇਸ ਗਲਤੀ ਦਾ ਨੋਟਿਸ ਲੈਂਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਉੱਪਰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ‘ਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
