ਇੱਕ ਤਾਂਤਰਿਕ ਭੂਤ ਕੱਢਣ ਦੇ ਨਾਂ ‘ਤੇ ਆਪਣੀ ਹੀ 16 ਸਾਲਾ ਧੀ ਨਾਲ ਕਰਦਾ ਰਿਹਾ ਜਬਰ-ਜ਼ਨਾਹ

ਪੰਜਾਬ ਦੇ ਅੰਦਰ ਤਾਂਤਰਿਕ ਬਾਬੇ ਭੋਲੇ -ਭਾਲੇ ਲੋਕਾਂ ਨੂੰ ਆਪਣੇ ਜਾਲ ‘ਚ ਫਸਾ ਕੇ ਲੁੱਟ ਦਾ ਸ਼ਿਕਾਰ ਬਣਾ ਲੈਂਦੇ ਹਨ।ਅਜਿਹਾ ਹੀ ਮਾਮਲਾ ਬਠਿੰਡਾ ‘ਚ ਦੇਖਣ ਨੂੰ ਮਿਲਿਆ ਜਿਥੇ ਇੱਕ ਤਾਂਤਰਿਕ ਬਾਬਾ ਭੂਤ ਕੱਢਣ ਦੇ ਨਾਂ ‘ਤੇ ਆਪਣੀ ਹੀ 16 ਸਾਲਾ ਧੀ ਨਾਲ ਜਬਰ-ਜ਼ਨਾਹ ਕਰਦਾ ਰਿਹਾ।ਜਿਸ ਨੂੰ ਬਠਿੰਡਾ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ।ਜਾਣਕਾਰੀ ਮੁਤਾਬਕ ਕਰੀਬ 40 ਸਾਲ ਪਹਿਲਾਂ ਓਡਿਸ਼ਾ ਤੋਂ ਦੌੜਿਆ ਇੱਕ ਬਦਮਾਸ਼ ਕਿਸਮ ਦਾ 6 ਸਾਲਾ ਬੱਚਾ ਅਮਰਨਾਥ ਪੰਜਾਬ ‘ਚ ਆ ਗਿਆ।ਵੱਡਾ ਹੋ ਕੇ ਇਹ ਤਾਂਤਰਿਕ ਬਣ ਗਿਆ ਤੇ ਧਾਗੇ-ਤਬੀਤਾਂ ਦੇ ਨਾਂ ‘ਤੇ ਲੋਕਾਂ ਨੂੰ ਠੱਗਣ ਲੱਗਾ,ਜਿਸ ਨੇ ਆਪਣਾ ਨਾਂ ਭੂਤਨਾਥ ਰੱਖ ਲਿਆ।ਕਰੀਬ 20 ਸਾਲ ਪਹਿਲਾਂ ਬਠਿੰਡਾ ਸਟੇਸ਼ਨ ‘ਤੇ ਇੱਕ ਔਰਤ ਨੂੰ ਮਿਲਿਆ,ਜਿਸ ਦਾ ਪਤੀ ਮਰ ਚੁੱਕਾ ਸੀ ਤੇ ਉਹ ਦੋ ਧੀਆਂ ਨਾਲ ਭਟਕ ਰਹੀ ਸੀ।ਭੂਤਨਾਥ ਨੇ ਉਸ ਨੂੰ ਆਪਣੇ ਜਾਲ ‘ਚ ਫਸਾਇਆ ਤੇ ਉਸ ਨਾਲ ਵਿਆਹ ਕਰਵਾ ਲਿਆ।ਇਸ ਔਰਤ ਨੇ ਇਕ ਲੜਕੇ ਤੇ ਇਕ ਲੜਕੀ ਨੂੰ ਜਨਮ ਦਿੱਤਾ,ਜੋ ਹੁਣ ਕ੍ਰਮਵਾਰ 17 ਤੇ 16 ਸਾਲ ਦੇ ਹਨ।ਉਕਤ ਔਰਤ ਦੀਆਂ ਦੋਵੇਂ ਲੜਕੀਆਂ ਵੱਡੀਆਂ ਹੋ ਗਈਆਂ ਤਾਂ ਉਨ੍ਹਾਂ ਦਾ ਵਿਆਹ ਗਿਦੜਬਾਹਾ ਵਿਖੇ ਕਰ ਦਿੱਤਾ ਗਿਆ।ਕਰੀਬ ਚਾਰ ਸਾਲ ਪਹਿਲਾਂ ਉਕਤ ਔਰਤ ਦੀ ਮੌਤ ਹੋ ਗਈ।ਵਿਆਹੁਤਾ ਲੜਕੀਆਂ ਆਪਣੇ ਮਤਰੇਏ ਭੈਣ-ਭਰਾ ਨੂੰ ਨਾਲ ਹੀ ਲੈ ਗਈਆਂ।ਹੁਣ ਦੋ ਸਾਲ ਪਹਿਲਾਂ ਭੂਤਨਾਥ ਖਾਣਾ ਆਦਿ ਬਣਾਉਣ ਦਾ ਵਾਸਤਾ ਪਾ ਕੇ ਆਪਣੀ 16 ਸਾਲਾ ਧੀ ਨੂੰ ਬਠਿੰਡਾ ਲੈ ਆਇਆ।ਇਥੇ ਪਹਿਲਾਂ ਉਹ ਆਪਣੀ ਧੀ ਨਾਲ ਅਸ਼ਲੀਲ ਹਰਕਤਾਂ ਕਰਦਾ ਰਿਹਾ।ਲੜਕੀ ਨੇ ਵਿਰੋਧ ਕੀਤਾ ਤਾਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਲੱਗਾ।ਉਹ ਗੁੰਮਸੁੰਮ ਰਹਿਣ ਲੱਗੀ ਤਾਂ ਉਸ ਨੂੰ ਝਾਂਸਾ ਦਿੱਤਾ ਕਿ ਉਸ ‘ਤੇ ਭੂਤ-ਪ੍ਰੇਤ ਦਾ ਸਾਇਆ ਹੈ।ਭੂਤ ਕੱਢਣ ਦੇ ਨਾਂ ‘ਤੇ ਉਹ ਨਸ਼ਾ ਕਰ ਕੇ ਉਸ ਨਾਲ ਜਬਰ-ਜ਼ਨਾਹ ਕਰਨ ਲੱਗਾ।ਕਰੀਬ ਦੋ ਸਾਲ ਉਹ ਆਪਣੀ ਧੀ ਨਾਲ ਜਬਰ-ਜ਼ਨਾਹ ਕਰਦਾ ਰਿਹਾ।ਅੱਜ ਲੜਕੀ ਦੀ ਵੱਡੀ ਭੈਣ ਤੇ ਭਰਾ ਮਿਲਣ ਲਈ ਆਏ ਤਾਂ ਪੀੜਤ ਨੇ ਉਨ੍ਹਾਂ ਨੂੰ ਸਾਰੀ ਕਹਾਣੀ ਦੱਸ ਦਿੱਤੀ। ਨਾਲ ਹੀ ਦੱਸਿਆ ਕਿ ਬਾਪ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।ਵੱਡੀ ਭੈਣ ਨੇ ਪੀੜਤ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ ਤੇ ਪੁਲਿਸ ਚੌਕੀ ਵਰਧਮਾਨ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ।ਪੁਲਿਸ ਤਫਤੀਸ਼ੀ ਅਧਿਕਾਰੀ ਹਰਨੇਕ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਉਪਰੰਤ ਮੁਲਜ਼ਮ ਵਿਰੁੱਧ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।