ਕੋਰੀਆ ਦਾ ਪ੍ਰਮਾਣੂ ਟਿਕਾਣਾ ਤਬਾਹ, 200 ਤੋਂ ਵੱਧ ਮੌਤਾਂ ….

ਉੱਤਰੀ ਕੋਰੀਆ ਦੇ ਪ੍ਰਮਾਣੂ ਪ੍ਰੀਖਣ ਕੇਂਦਰ ਦੀ ਇੱਕ ਸੁਰੰਗ ਦੇ ਦੱਬੇ ਜਾਣ ਕਾਰਨ ਉੱਥੇ 200 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਬੀਤੇ ਮਹੀਨੇ ਉੱਤਰ ਕੋਰੀਆ ਨੇ ਇੱਥੇ ਹੀ ਹਾਈਡ੍ਰੋਜਨ ਬੰਬ ਦਾ ਪ੍ਰੀਖਣ ਕੀਤਾ ਸੀ।

ਕੋਰੀਆਈ ਮੀਡੀਆ ਮੁਤਾਬਕ ਉੱਤਰ ਕੋਰੀਆ ਦੇ ਉੱਤਰ-ਪੂਰਬੀ ਹਿੱਸੇ ਦੇ ਪੁੰਗੇਈ-ਰੀ ਵਿੱਚ ਪ੍ਰਮਾਣੂ ਪ੍ਰੀਖਣ ਕੇਂਦਰ ਵਿੱਚ ਇੱਕ ਸੁਰੰਗ ਉਸਾਰੀ ਜਾ ਰਹੀ ਸੀ। ਪਹਿਲਾਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਇਸ ਦੁਰਘਟਨਾ ਵਿੱਚ ਉੱਥੇ 100 ਤੋਂ ਜ਼ਿਆਦਾ ਕਾਮੇ ਮਾਰੇ ਗਏ ਹਨ ਪਰ ਬਾਅਦ ਵਿੱਚ ਜਾਰੀ ਬਚਾਅ ਮੁਹਿੰਮ ਵਿੱਚ ਇਹ ਗਿਣਤੀ 200 ਤਕ ਪੁੱਜ ਗਈ ਹੈ।

ਮੀਡੀਆ ਰਿਪੋਰਟਾਂ ਦੇ ਆਧਾਰ ‘ਤੇ ਕਿਹਾ ਜਾ ਰਿਹਾ ਹੈ ਕਿ ਬੀਤੀ 3 ਸਤੰਬਰ ਨੂੰ ਕੋਰੀਆ ਵੱਲੋਂ ਕੀਤੇ ਗਏ ਹਾਈਡ੍ਰੋਜਨ ਬੰਬ ਦੇ ਪ੍ਰੀਖਣ ਤੋਂ ਬਾਅਦ ਜ਼ਮੀਨ ਪੋਲੀ ਸੀ, ਜੋ ਕਿ ਇਸ ਸੁਰੰਗ ਦੇ ਢਹਿਣ ਦਾ ਕਾਰਨ ਬਣੀ ਹੋ ਸਕਦੀ ਹੈ। ਦੱਸ ਦੇਈਏ ਕਿ ਇਹ ਬੰਬ 1945 ਵਿੱਚ ਅਮਰੀਕਾ ਵੱਲੋਂ ਜਾਪਾਨ ਦੇ ਹੀਰੋਸ਼ੀਮਾ ‘ਤੇ ਸੁੱਟੇ ਗਏ ਬੰਬ ਤੋਂ 7 ਗੁਣਾ ਵਧੇਰੇ ਤਾਕਤਵਰ ਸੀ।

ਕੋਰੀਆ ਦੀਆਂ ਏਜੰਸੀਆਂ ਨੇ ਇਹ ਦੱਸਿਆ ਸੀ ਕਿ ਇਸ ਪ੍ਰੀਖਣ ਨਾਲ ਪਹਾੜੀ ਹੇਠ 60 ਮੀਟਰ ਤੋਂ ਲੈ ਕੇ 100 ਮੀਟਰ ਤਕ ਦਾ ਟੋਆ ਪੁੱਟ ਦਿੱਤਾ ਸੀ। ਏਜੰਸੀ ਨੇ ਇਹ ਵੀ ਖ਼ਦਸ਼ਾ ਜ਼ਾਹਰ ਕੀਤਾ ਸੀ ਕਿ ਭਵਿੱਖ ਵਿੱਚ ਇਸ ਥਾਂ ਤੋਂ ਰੇਡੀਓ-ਐਕਟਿਵ ਪਦਾਰਥ ਵੀ ਰਿਸਦਾ ਰਹੇਗਾ।

ਮਾਹਰਾਂ ਮੁਤਾਬਕ ਪੁੰਗੇਈ-ਰੀ ਇਲਾਕੇ ਦੇ ਪ੍ਰਮਾਣੂ ਪ੍ਰੀਖਣ ਕੇਂਦਰ ਤੋਂ ਕੁਝ ਹੀ ਦੂਰ ਸ਼ਕਤੀਸ਼ਾਲੀ ਪਿਛਲੇ 6 ਪ੍ਰਮਾਣੂ ਪ੍ਰੀਖਣਾਂ ਤੋਂ ਬਾਅਦ ਢਿਗਾਂ ਡਿੱਗਣ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਸਨ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਇਹ ਸਥਾਨ ਹੋਰ ਪ੍ਰੀਖਣ ਕਰਨ ਦੇ ਲਾਇਕ ਨਹੀਂ ਰਿਹਾ ਹੈ।

Leave a Reply

Your email address will not be published. Required fields are marked *